ਬਠਿੰਡਾ (ਮਨੋਜ ਸ਼ਰਮਾ): ਮਾਲਵੇ ਦੇ ਵੱਡੇ ਇਲਾਕੇ ਦੇ ਖੇਤਾਂ ਨੂੰ ਸਿੰਜਦੀ ਨੂੰ ਸਰਹਿੰਦ ਨਹਿਰ ਵਿਚ ਪਾਣੀ ਦੀ ਬੰਦੀ ਤੋਂ ਬਾਅਦ ਸੂਏ ਤੇ ਕੱਸੀਆਂ ਸੁੱਕ ਗਏ ਹਨ। ਨਹਿਰਬੰਦੀ ਅਤੇ ਪਾਵਰਕੌਮ ਦੇ ਕੋਲਾ ਸੰਕਟ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਭਾਵੇਂ ਅਗੇਤੇ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਆ ਚੁੱਕੀ ਹੈ ਪਰ ਬਾਸਮਤੀ ਅਤੇ ਹੋਰ ਵੱਖ-ਵੱਖ ਕਿਸਮ ਦੀਆਂ ਝੋਨੇ ਦੀਆਂ ਪਛੇਤੀਆਂ ਕਿਸਮਾਂ ਨੂੰ ਹਾਲੇ ਵੀ ਪਾਣੀ ਦੀ ਜ਼ਰੂਰਤ ਹੈ। ਪਿੰਡ ਕਿਲੀ ਨਿਹਾਲ ਸਿੰਘ ਵਾਲਾ ਮਹਿਮਾ ਸਰਜਾ, ਮਹਿਮਾ ਸਰਕਾਰੀ, ਝੂੰਬਾ, ਚੁੱਘੇ ਕਲਾਂ, ਚੁੱਘੇ ਖੁਰਦ, ਗਿੱਲ ਪਤੀ, ਗੋਨਿਆਣਾ ਕਲਾਂ, ਜੰਡਾਵਾਲਾ ਤੇ ਖੇਮੂਆਣਾ ਆਦਿ ਦੇ ਕਿਸਾਨਾਂ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਖੇਤਾਂ ਲਈ ਬਿਜਲੀ ਸਪਲਾਈ ਘਟਾ ਦਿੱਤੀ ਗਈ ਹੈ। ਉੱਪਰੋਂ ਨਹਿਰ ਬੰਦੀ ਨੇ ਉਨ੍ਹਾਂ ਦੀਆਂ ਮੁਸੀਬਤਾਂ ਵਿਚ ਵਾਧਾ ਕਰ ਦਿੱਤਾ ਹੈ। ਨਹਿਰੀ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਦੱਸਿਆ ਕੇ ਸਰਹਿੰਦ ਕੈਨਾਲ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਇਕ ਮਹੀਨੇ ਦਾ ਸਮਾਂ ਲੱਗੇਗਾ।