ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਅਗਸਤ
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਨਦਾਮਪੁਰ ਵਿਖੇ ਬੀਤੀ ਰਾਤ ਕੋਈ ਵਿਅਕਤੀ ਵਰਤੀਆਂ ਪੀਪੀਈ ਕਿੱਟਾਂ ਸੁੱਟ ਕੇ ਫ਼ਰਾਰ ਹੋ ਗਿਆ।
ਦੱਸਣਯੋਗ ਹੈ ਕਿ ਪਿੰਡ ਨਦਾਮਪੁਰ ਨੈਸ਼ਨਲ ਹਾਈਵੇਅ ’ਤੇ ਹੈ ਅਤੇ ਇੱਥੋਂ ਦੀ ਲੰਘਦੀ ਨਹਿਰ ਉਪਰ ਪਾਵਰਕੌਮ ਦਾ ਪਾਵਰ ਹਾਊਸ, ਵਣ ਵਿਭਾਗ ਦਾ ਦਫਤਰ, ਸਰਕਾਰੀ ਰੈਸਟ ਹਾਊਸ ਅਤੇ ਚਾਂਦਨੀ ਰੈਸਟੋਰੈਂਟ ਹੈ। ਇੱਥੇ ਆਮ ਲੋਕਾਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਲੋਕਾਂ ਵਿਚ ਡਰ ਵਾਲਾ ਮਾਹੌਲ ਤੇ ਭਾਰੀ ਰੋਸ ਹੈ।। ਘਟਨਾ ਵਾਲੀ ਥਾਂ ਤੇ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਪ੍ਰਦੂਸ਼ਨ ਬੋਰਡ ਦੇ ਅਧਿਕਾਰੀ ਪਹੁੰਚ ਗਏ ਸਨ, ਜਿਨ੍ਹਾਂ ਨੇ ਕਿੱਟਾਂ ਨੂੰ ਗੱਡੀਆਂ ਦਾ ਪ੍ਰਬੰਧ ਕਰਕੇ ਇਥੋਂ ਚੁੱਕਵਾ ਦਿੱਤਾ। ਪਿੰਡ ਨਦਾਮਪੁਰ ਦੇ ਰਾਧੇ ਸ਼ਿਆਮ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ ਨੇ ਕਿਹਾ ਕਿ ਇਹ ਬਹੁਤ ਵੱਡੀ ਲਾਪ੍ਰਵਾਹੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਐੱਸਐੱਮਓ ਭਵਾਨੀਗੜ੍ਹ ਡਾ. ਪਰਵੀਨ ਗਰਗ ਨੇ ਕਿਹਾ ਕਿ ਵਰਤੀਆਂ ਕਿੱਟਾਂ ਇਕੱਠੀਆਂ ਕਰਨ ਵਾਲਾ ਵੱਖਰਾਵਿਭਾਗ ਹੈ, ਜਿਸ ਨੇ ਇਹ ਕੰਮ ਕੀਤਾ ਹੈ ਇਹ ਬਹੁਤ ਵੱਡੀ ਅਣਗਹਿਲੀ ਹੈ। ਪੁਲੀਸ ਅਤੇ ਪ੍ਰਦੂਸ਼ਣ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ, ਅਗਲੀ ਕਾਰਵਾਈ ਉਹ ਕਰਨਗੇ। ਸਿਮਰਪ੍ਰੀਤ ਸਿੰਘ ਜੇਈ ਪੰਜਾਬ ਪ੍ਰਦੂਸ਼ਨ ਬੋਰਡ ਨੇ ਦੱਸਿਆ ਕਿ ਹਸਪਤਾਲਾਂ ਵਿਚੋਂ ਜੋ ਕੰਪਨੀ ਇਹ ਕਿੱਟਾਂ ਚੁੱਕਦੀ ਹੈ ਉਸ ਨੂੰ ਹਸਪਤਾਲ ਵੱਲੋਂ ਇਨ੍ਹਾਂ ਕਿੱਟਾਂ ਨੂੰ ਨਸ਼ਟ ਕਰਨ ਲਈ ਥੋੜਾ ਖਰਚਾ ਦੇਣਾ ਪੈਂਦਾ ਹੈ। ਥਾਣਾ ਭਵਾਨੀਗੜ੍ਹ ਦੇ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਐੱਸਐੱਮਓ ਭਵਾਨੀਗੜ੍ਹ ਵਲੋਂ ਚਿੱਠੀ ਜਾਰੀ ਕਰਨ ’ਤੇ ਪਰਚਾ ਦਰਜ ਕੀਤਾ ਜਾਵੇਗਾ।