ਸ਼ਗਨ ਕਟਾਰੀਆ
ਬਠਿੰਡਾ, 19 ਅਕਤੂੁਬਰ
ਅਨਾਜ ਮੰਡੀਆਂ ਲਈ ਢੋਆ-ਢੁਆਈ (ਟਰਾਂਸਪੋਰਟੇਸ਼ਨ) ’ਚ ‘ਬੇਨਿਯਮੀਆਂ’ ਦੇ ਕੇਸ ਦਾ ਸਾਹਮਣਾ ਕਰਨ ਵਾਲੇ ਠੇਕੇਦਾਰਾਂ ਦੀਆਂ ਫ਼ਰਮਾਂ ਵੱਲੋਂ ਮੰਡੀਆਂ ’ਚ ਮੌਜੂਦਾ ਸੀਜ਼ਨ ਦਾ ਕਾਰੋਬਾਰ ਹਾਲੇ ਵੀ ਧੜੱਲੇ ਨਾਲ ਜਾਰੀ ਹੈ। ਇਕ ਪਾਸੇ ਮਾਨ ਸਰਕਾਰ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਸਮੇਤ ਹੋਰ ਵਿਭਾਗੀ ਅਧਿਕਾਰੀਆਂ ’ਤੇ ਕੇਸ ਦਰਜ ਕਰਕੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਬਾਰੇ ਪ੍ਰਚਾਰਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਅਜਿਹੇ ਹੀ ਕੇਸ ਦੇ ਮੁਲਜ਼ਮ ਮੰਡੀਆਂ ’ਚ ਢੋਆ-ਢੁਆਈ ਦਾ ਕੰਮ ਕਰ ਰਹੇ ਹਨ। ਸਰੋਤਾਂ ਅਨੁਸਾਰ ਪੰਜਾਬ ਦੇ ਕਰੀਬ ਅੱਧੀ ਦਰਜਨ ਜ਼ਿਲ੍ਹਿਆਂ ’ਚ ਉਕਤ ਕੇਸ ਦੇ ਮੁਲਜ਼ਮਾਂ ਵੱਲੋਂ ਢੋਆ-ਢੁਆਈ ਦਾ ਕੰਮ ਚੱਲ ਰਿਹਾ ਹੈ।
ਦੱਸ ਦੇਈਏ ਕਿ ਥਾਣਾ ਵਿਜੀਲੈਂਸ ਬਿਊਰੋ, ਰੇਂਜ ਫ਼ਿਰੋਜ਼ਪੁਰ ਨੂੰ ਮਿਲੀ ਸ਼ਿਕਾਇਤ ਦੀ ਪੜਤਾਲ ਮਗਰੋਂ ਬੀਤੀ 15 ਸਤੰਬਰ ਨੂੰ ਅਨਾਜ ਮੰਡੀਆਂ ਲਈ ਟਰਾਂਸਪੋਰਟੇਸ਼ਨ ਦੇ ਟੈਂਡਰ ਮਨਜ਼ੂਰ ਕਰਨ ਦੇ ਅਮਲ ਵਿੱਚ ਬੇਨਿਯਮੀਆਂ ਦੇ ਦੋਸ਼ ਹੇਠ ਪੰਜ ਠੇਕੇਦਾਰਾਂ ਸਣੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਖਰੀਦ ਏਜੰਸੀਆਂ ਦੇ ਕੁੱਝ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਪੜਤਾਲ ਦੌਰਾਨ ਠੇਕੇਦਾਰਾਂ ਵੱਲੋਂ ਸਾਲ 2019-20 ਵਿੱਚ ਭਰੇ ਗਏ ਟੈਂਡਰਾਂ ਨਾਲ ਨੱਥੀ ਕੀਤੀਆਂ ਟਰੱਕਾਂ ਦੀਆਂ ਸੂਚੀਆਂ ਵਿੱਚ ਗ਼ਲਤ ਰਜਿਸ਼ਟ੍ਰੇਸ਼ਨ ਨੰਬਰ ਦਿੱਤੇ ਗਏ ਸਨ। ਵਿਜੀਲੈਂਸ ਮੁਤਾਬਕ ਵਿਭਾਗ ਦੀ ਜ਼ਿਲ੍ਹਾ ਟੈਂਡਰ ਕਮੇਟੀ ਵੱਲੋਂ ਉਂਜ ਤਾਂ ਠੇਕੇਦਾਰਾਂ ਦੀ ਤਕਨੀਕੀ ਬੋਲੀ ਹੀ ਖਾਰਜ ਕਰਨੀ ਬਣਦੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਸਬੰਧਤ ਅਧਿਕਾਰੀਆਂ/ ਕਰਮਚਾਰੀਆਂ ਤੇ ਠੇਕੇਦਾਰਾਂ ਦੀ ਆਪਸੀ ਮਿਲੀਭੁਗਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਠੇਕੇਦਾਰਾਂ ਵੱਲੋਂ ਅਨਾਜ ਦੀ ਢੋਆ-ਢੁਆਈ ਸਮੇਂ ਖ਼ਰੀਦ ਏਜੰਸੀਆਂ ਵੱਲੋਂ ਢੁਆਏ ਵਾਲੇ ਵਾਹਨਾਂ ਦੇ ਕੱਟੇ ਗਏ ਗੇਟ ਪਾਸਾਂ ਵਿੱਚ ਦਰਜ ਕਈ ਵਾਹਨਾਂ ਦੇ ਰਜਿਸ਼ਟ੍ਰੇਸ਼ਨ ਨੰਬਰ ਵੀ ਮੋਟਰਸਾਈਕਲਾਂ ਅਤੇ ਮਿਨੀ ਬੱਸਾਂ ਦੇ ਸਨ ਅਤੇ ਇਨ੍ਹਾਂ ਵਾਹਨਾਂ ’ਤੇ ਜਿਣਸ ਦੀ ਢੋਆ-ਢੁਆਈ ਕੀਤੀ ਨਹੀਂ ਜਾ ਸਕਦੀ। ਇਸ ਦੇ ਨਾਲ ਜਿਣਸ ਦੀ ਮਿਕਦਾਰ ਦੇ ਵੇਰਵੇ ਵੀ ਸ਼ੱਕ ਦੇ ਦਾਇਰੇ ਵਿੱਚ ਆਈ ਸੀ। ਮੌਜੂਦਾ ਸਮੇਂ ਵਿੱਚ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਵੱਲੋਂ ਮੰਡੀਆਂ ਵਿੱਚ ਢੋਆ-ਢੁਆਈ ਦਾ ਕੰਮ ਚੱਲਦਾ ਹੋਣ ਦੇ ਰੁਝਾਨ ਬਾਰੇ ਪੱਖ ਜਾਨਣ ਲਈ ਖੁਰਾਕ ਤੇ ਸਪਲਾਈ ਵਿਭਾਗ ਦੇ ਮੰਤਰੀ ਅਤੇ ਪਨਗ੍ਰੇਨ ਦੇ ਡਾਇਰੈਕਟਰ ਨੂੰ ਵਾਰ-ਵਾਰ ਫ਼ੋਨ ਕੀਤਾ ਗਿਆ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।