ਮਨੋਜ ਸ਼ਰਮਾ
ਬਠਿੰਡਾ, 24 ਫਰਵਰੀ
ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਫਰਵਰੀ ਮਹੀਨੇ ਦੀਆਂ ਤਨਖਾਹਾਂ ਦਾ ਬਜਟ ਜਾਰੀ ਨਾ ਕੀਤੇ ਜਾਣ ਕਾਰਨ ਅਧਿਆਪਕਾਂ ਵਿੱਚ ਰੋਸ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਹਾਈ ਅਤੇ ਸੈਕੰਡਰੀ ਸਕੂਲਾਂ ਦੀ ਗਿਣਤੀ 276 ਹੈ, ਜਦੋਂ ਕਿ ਪ੍ਰਮਾਇਰੀ ਸਕੂਲ 256 ਅਤੇ 60 ਦੇ ਕਰੀਬ ਮਿਡਲ ਸਕੂਲ ਹਨ। ਇਨ੍ਹਾਂ ਵਿਚ ਤਕਰੀਬਨ 6 ਹਜ਼ਾਰ ਤੋਂ ਵਧ ਅਧਿਆਪਕ ਕੰਮ ਕਰ ਰਹੇ ਹਨ । ਸਕੂਲ ਅਧਿਆਪਕਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਬਠਿੰਡਾ ਦੇ ਸਮੂਹ ਸਕੂਲਾਂ ਦੀ ਫਰਵਰੀ ਮਹੀਨੇ ਦੀ ਤਨਖ਼ਾਹ ਲਟਕਣ ਦੇ ਅਸਾਰ ਬਣ ਗਏ ਹਨ ਕਿਉਂਕਿ ਮਹੀਨੇ ਦੇ ਅਖੀਰਲੇ ਦਿਨ ਚੱਲ ਰਹੇ ਹਨ ਅਤੇ ਹਾਲੇ ਤੱਕ ਸਕੂਲ ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਬਜਟ ਨਹੀਂ ਭੇਜਿਆ ਗਿਆ। ਇਨ੍ਹਾਂ ਵਿੱਚ ਜ਼ਿਲ੍ਹਾ ਪ੍ਰਮਾਇਰੀ ਦਫ਼ਤਰ ਦਾ ਸਟਾਫ਼ ਵੀ ਸ਼ਾਮਿਲ ਹੈ। ਬਠਿੰਡਾ ਦੇ ਇੱਕ ਸੀਨੀਅਰ ਅਧਿਆਪਕ ਨੇ ਦੱਸਿਆ ਕਿ ਅਧਿਆਪਕਾਂ ਦੇ ਕਈ ਵਰਗ ਹਨ।
ਸੂਤਰਾਂ ਅਨੁਸਾਰ ਹਾਈ ਅਤੇ ਸੈਕੰਡਰੀ ਸਕੂਲ ਦੇ ਕਰੀਬ 4500 ਦੇ ਕਰੀਬ ਅਧਿਆਪਕ ਹਨ ਤੇ ਇਨ੍ਹਾਂ ਦੀ ਤਨਖ਼ਾਹ ਦਾ ਬਜਟ ਤਕਰੀਬਨ 34.36 ਕਰੋੜ ਰੁਪਏ ਹੈ, ਜਦੋਂ ਕਿ ਪ੍ਰਮਾਇਰੀ ਅਤੇ ਮਿਡਲ ਸਕੂਲਾਂ ਦੇ 1800 ਦੇ ਕਰੀਬ ਅਧਿਆਪਕਾਂ ਦੀ ਤਨਖ਼ਾਹ ਦਾ ਬਜਟ 11.60 ਕਰੋੜ ਦਾ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਦਾ ਕਹਿਣਾ ਹੈ ਕਿ ਬਠਿੰਡਾ ਦੇ 70 ਪ੍ਰਤੀਸ਼ਤ ਅਧਿਆਪਕਾਂ ਨੇ ਕਰਜ਼ਾ ਲੈ ਕਿ ਮਕਾਨ ਬਣਾਏ ਹਨ ਅਤੇ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਕਰਜ਼ੇ ਦੀਆ ਕਿਸ਼ਤਾਂ ਭਰਨੀਆਂ ਹਨ। ਇਸ ਵਾਰ ਫਰਵਰੀ ਮਹੀਨੇ ਦੀ ਤਨਖ਼ਾਹ ਨਾ ਬਣਨ ਕਾਰਨ ਖਜ਼ਾਨੇ ਵਿਚ ਟੈਕਸ ਵੀ ਆਪਣੀਆਂ ਜੇਬਾਂ ਵਿਚੋਂ ਨਗਦ ਭਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਲੰਘੇ ਵਰ੍ਹੇ 1 ਜੁਲਾਈ 2021 ਤੱਕ ਦਾ ਏਰੀਅਰ ਵੀ ਸਰਕਾਰ ਵੱਲ ਬਕਾਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ ਜਾਵੇਗਾ। ਦੂਜੇ ਪਾਸੇ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਇਕਬਾਲ ਸਿੰਘ ਬੁੱਟਰ ਨੇ ਕਿਹਾ ਕਿ ਬਜਟ ਲਈ ਡੀਪੀਆਈ ਦਫ਼ਤਰ ਨੂੰ ਲਿਖਿਆ ਗਿਆ ਹੈ। ਜਲਦੀ ਹੀ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਮੰਨਿਆਂ ਕਿ ਬਜਟ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ।