ਮਨੋਜ ਸ਼ਰਮਾ
ਬਠਿੰਡਾ, 8 ਸਤੰਬਰ
ਐੱਚਐੱਫਐੱਮਡੀ (ਹੈਂਡ-ਫੂਟ-ਮਾਊਥ ਡਿਜ਼ੀਜ਼) ਦੇ ਕੇਸਾਂ ਤੋਂ ਬਾਅਦ ਹੁਣ ਬਠਿੰਡਾ ਵਿੱਚ ਟਮਾਟਰ ਫਲੂ ਦੇ ਸ਼ੱਕੀ ਕੇਸ ਸਾਹਮਣੇ ਆਉਣ ਲੱਗੇ ਹਨ। ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰਾਂ ਅਨੁਸਾਰ ਓਪੀਡੀ ਵਿੱਚ ਆਉਣ ਵਾਲੇ ਔਸਤਨ 4 ਤੋਂ 6 ਬੱਚਿਆਂ ਵਿੱਚ ਟਮਾਟਰ ਫਲੂ ਦੇ ਲੱਛਣ (ਸ਼ੱਕੀ) ਪਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਫਲੂ ਦੇ ਸ਼ੱਕੀ ਕੇਸ ਸਾਹਮਣੇ ਆਏ ਹਨ।
ਸ਼ਹਿਰ ਦੇ ਇੱਕ ਬੱਚਿਆਂ ਦੇ ਮਾਹਰ ਡਾਕਟਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਰਾਜ ਦੇ ਸਿਹਤ ਵਿਭਾਗ ਦੁਆਰਾ ਹਾਲ ਹੀ ਵਿੱਚ ਰੋਕਥਾਮ ਉਪਾਅ ਕਰਨ ਲਈ ਇੱਕ ਸਲਾਹ ਜਾਰੀ ਕੀਤੇ ਜਾਣ ਤੋਂ ਬਾਅਦ, ਜ਼ਿਲ੍ਹੇ ਵਿੱਚ ਫਲੂ ਦੇ ਸ਼ੱਕੀ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਹੁਣ ਤੱਕ ਫਲੂ ਦਾ ਇੱਕ ਵੀ ਗੁੰਝਲਦਾਰ ਕੇਸ ਸਾਹਮਣੇ ਨਹੀਂ ਆਇਆ ਹੈ।
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਹਸਪਤਾਲ ਵਿੱਚ ਔਸਤਨ 4 ਤੋਂ 6 ਅਜਿਹੇ ਬੱਚੇ ਟਮਾਟਰ ਫਲੂ ਤੇ ਲੱਛਣ ਮਿਲੇ ਹਨ। ਉਨ੍ਹਾਂ ਕਿਹਾ ਸਿਰ-ਪੈਰ-ਮੂੰਹ ਦੀ ਬਿਮਾਰੀ ਜੋ ਪਿਛਲੇ ਦੋ ਮਹੀਨਿਆਂ ਤੋਂ ਵਧ ਰਹੀ ਸੀ, ਦੇ ਕੇਸ ਹੁਣ ਘਟਣੇ ਸ਼ੁਰੂ ਹੋ ਗਏ ਹਨ ਪਰ ਟਮਾਟਰ ਫਲੂ ਦੇ ਲੱਛਣ ਵਾਲੇ ਬੱਚਿਆਂ ਵਿੱਚ ਹੁਣ ਆਉਣਾ ਸ਼ੁਰੂ ਹੋ ਗਿਆ ਹੈ। ਡਾਕਟਰਾਂ ਅਨੁਸਾਰ ਟਮਾਟਰ ਫਲੂ ਵਿੱਚ ਹੈਂਡ, ਫੂਟ, ਮਾਊਥ ਡਿਜ਼ੀਜ਼ ਨਾਲ ਮਿਲਦੇ ਜੁਲਦੇ ਲਛਣ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਬੁਖਾਰ, ਜੋੜਾਂ ਵਿੱਚ ਸੋਜ, ਸਰੀਰ ਵਿੱਚ ਦਰਦ ਅਤੇ ਦਸਤ ਦੇ ਨਾਲ ਉਨ੍ਹਾਂ ਦੇ ਸਰੀਰ ਦੇ ਅੰਗਾਂ ਉੱਤੇ ਲਾਲ ਛਾਲੇ (ਟਮਾਟਰ ਦੇ ਆਕਾਰ ਦੇ) ਬਣ ਜਾਂਦੇ ਹਨ।
ਕੀ ਕਹਿੰਦੇ ਨੇ ਐੱਸਐੱਮਓ
ਵਿਮੈਨ ਐਂਡ ਚਿਲਡਰਨ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਟਮਾਟਰ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਦੀ ਜਾਂਚ ਲਈ ਕੋਈ ਦਿਸ਼ਾ-ਨਿਰਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਕੁਝ ਕੇਸ ਹਨ ਜਿਨ੍ਹਾਂ ਵਿੱਚ ਟਮਾਟਰ ਫਲੂ ਦੇ ਸਾਮਾਨ ਲੱਛਣ ਹਨ। ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਪਸ਼ੂ ਪਾਲਣ ਵਿਭਾਗ ਨੇ ਚਾਰ ਪਿੰਡਾਂ ’ਚ ਸੂਰਾਂ ਦੇ ਸੈਂਪਲ ਲਏ
ਪੱਤਰ ਪ੍ਰੇਰਕ
ਮਾਨਸਾ, 8 ਸਤੰਬਰ
ਮਾਨਸਾ ਦੇ ਪਿੰਡ ਤਲਵੰਡੀ ਅਕਲੀਆ ’ਚ ਅਫਰੀਕਨ ਸਵਾਈਨ ਫੀਵਰ ਦੀ ਕੱਲ੍ਹ ਹੋਈ ਪੁਸ਼ਟੀ ਤੋਂ ਬਾਅਦ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ’ਚ ਸੂਰ ਫਾਰਮਾਂ ਵਿੱਚ ਜਾ ਕੇ ਸੈਂਪਲਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੀਤੀ ਕੱਲ੍ਹ ਮਹਿਕਮੇ ਵੱਲੋਂ ਪਿੰਡ ਤਲਵੰਡੀ ਅਕਲੀਆ ’ਚ ਪੰਜ ਸੂਰਾਂ ਨੂੰ ਇਸ ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਰ ਕੇ ਡੂੰਘਾ ਧਰਤੀ ’ਚ ਦੱਬ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਪਸ਼ੂ ਪਾਲਣ ਮਹਿਕਮੇ ਦੇ ਮਾਹਿਰਾਂ ਨੂੰ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਲਗਾਤਾਰ ਸੈਂਪਲਿੰਗ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਕਮਲ ਗੁਪਤਾ ਨੇ ਦੱਸਿਆ ਕਿ ਪਿੰਡ ਤਲਵੰਡੀ ਅਕਲੀਆ ਵਿੱਚ ਬਿਮਾਰੀ ਆਉਣ ਤੋਂ ਬਾਅਦ ਅੱਜ ਮਹਿਕਮੇ ਦੇ ਅਧਿਕਾਰੀਆਂ ਨੇ ਇਸ ਪਿੰਡ ਦੇ ਨੇੜਲੇ ਪਿੰਡ ਮੂਸਾ, ਰਮਦਿੱਤੇਵਾਲਾ, ਜਵਾਹਰਕੇ ਤੇ ਬਰੇਟਾ ਵਿੱਚ ਜਾ ਕੇ ਸੂਰਾਂ ਦੀ ਸਵੇਰ ਤੋਂ ਸ਼ਾਮ ਤੱਕ ਸੈਂਪਲਿੰਗ ਕਰਕੇ ਇਨ੍ਹਾਂ ਟੈੱਸਟ ਲਈ ਉਪਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.) ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਇਹ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਬਰੇਟਾ ਦੇ ਇੱਕ ਮੁਹੱਲੇ ਵਿੱਚ ਬਣੇ ਸੂਰ ਫਾਰਮ ਜਿੱਥੇ 124 ਸੂਰ ਹਨ, ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਜਵਾਹਰਕੇ ਵਿਖੇ 101, ਮੂਸਾ 36 ਤੇ ਰਮਦਿੱਤੇਵਾਲਾ ਵਿਖੇ 110 ਸੂਰਾਂ ਦੀ ਗਿਣਤੀ ਵਾਲੇ ਫਾਰਮਾਂ ’ਚ ਜਾ ਕੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਫਾਰਮਾਂ ਵਿੱਚ ਇੱਕ-ਇੱਕ ਸੂਰ ਦੇ ਹੀ ਨਮੂਨੇ ਲਏ ਹਨ, ਜਿਨ੍ਹਾਂ ਤੋਂ ਹੋਰਾਂ ਦੇ ਬਿਮਾਰੀ ਵਾਲੇ ਲੱਛਣ ਆਪੇ ਪਤਾ ਲੱਗ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਇੱਕ ਸੂਰ ’ਚ ਆ ਜਾਂਦੀ ਹੈ ਤਾਂ ਇੱਕ ਕਿਲੋਮੀਟਰ ਵਾਲੇ ਘੇਰ ਵਿੱਚ ਹੋਰ ਸੂਰ ਵੀ ਆਪਣੇ-ਆਪ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ।
ਡਾ. ਗੁਪਤਾ ਨੇ ਦੱਸਿਆ ਕਿ ਬੀਮਾਰੀ ਦੀ ਰੋਕਥਾਮ ਲਈ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰ ਦਿੱਤੀਆਂ ਹਨ।