ਸ਼ਗਨ ਕਟਾਰੀਆ
ਬਠਿੰਡਾ, 13 ਮਈ
ਇੱਥੋਂ ਦੀ ਅਦਾਲਤ ਦੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਨੇ ਬਿਜਲੀ ਬੋਰਡ ਦੇ ਤਿੰਨ ਅਫ਼ਸਰਾਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਉਨ੍ਹਾਂ ਨੂੰ 25 ਮਈ ਨੂੰ ਪੇਸ਼ ਹੋਣ ਲਈ ਆਖਿਆ ਹੈ। ਖਪਤਕਾਰ ਹਰਮੇਸ਼ ਬਾਂਸਲ ਵੱਲੋਂ ਕੀਤੇ ਦੀਵਾਨੀ ਦਾਅਵੇ ਦੌਰਾਨ ਤਨਵੀ ਗੁਪਤਾ ਦੀ ਅਦਾਲਤ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਪਟਿਆਲਾ ਵੇਣੂੰ ਪ੍ਰਸਾਦ, ਐਕਸੀਅਨ ਬਠਿੰਡਾ ਹਰਦੀਪ ਸਿੰਘ ਸਿੱਧੂ ਅਤੇ ਐਸ.ਡੀ.ਓ. ਬਲਜਿੰਦਰ ਸਿੰਘ ਨੂੰ ਬੀਤੀ 23 ਅਪਰੈਲ ਨੂੰ ਹੁਕਮ ਸੁਣਾਇਆ ਸੀ ਕਿ ਇਸ ਖ਼ਪਤਕਾਰ ਦੇ ਘਰ ਬਿਜਲੀ ਦਾ ਮੀਟਰ ਲਾਇਆ ਜਾਵੇ ਕਿਉਂ ਜੋ ਪਿਛਲੇ ਸੱਤ ਸਾਲਾਂ ਤੋਂ ਬਿਜਲੀ ਬੋਰਡ ਹਰਮੇਸ਼ ਬਾਂਸਲ ਦੇ ਘਰ ਬਿਜਲੀ ਦਾ ਮੀਟਰ ਲਾਉਣ ਲਈ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਸੀ। ਖ਼ਪਤਕਾਰ ਨੇ 23 ਜੂਨ, 2014 ਨੂੰ ਬਣਦੀ ਫੀਸ 18,180 ਰੁਪਏ ਬਿਜਲੀ ਬੋਰਡ ’ਚ ਜਮ੍ਹਾਂ ਕਰਵਾ ਦਿੱਤੀ ਸੀ ਪਰ ਬੋਰਡ ਵੱਲੋਂ ਹਰਮੇਸ਼ ਬਾਂਸਲ ’ਤੇ ਕਥਿਤ ਝੂਠਾ ਪਰਚਾ ਦਰਜ ਕਰ ਕੇ 2 ਲੱਖ 40 ਹਜ਼ਾਰ 439 ਰੁਪਏ ਦਾ ਜੁਰਮਾਨਾ ਠੋਕ ਦਿੱਤਾ। ਖਪਤਕਾਰ ਦੇ ਵਕੀਲ ਅਸ਼ਵਨੀ ਕੁਮਾਰ ਅਤੇ ਸੋਹਣ ਸਿੰਘ ਸੰਧੂ ਨੇ ਅਦਾਲਤ ਦੇ ਧਿਆਨ ’ਚ ਲਿਆਂਦਾ ਸੀ ਕਿ ਸੈਕਸ਼ਨ 154 ਅਧੀਨ ਜੁਰਮਾਨੇ ਦੀ ਰਕਮ ਤੈਅ ਕਰਨ ਦਾ ਹੱਕ ਸਿਰਫ਼ ਸਿਵਲ ਜੱਜ ਕੋਲ ਹੀ ਹੁੰਦਾ ਹੈ। ਅਦਾਲਤ ਨੇ ਬਿਜਲੀ ਬੋਰਡ ਦੇ ਤਿੰਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਖ਼ਪਤਕਾਰ ਕੋਲੋਂ 20 ਫ਼ੀਸਦ ਜੁਰਮਾਨਾ ਜਮ੍ਹਾਂ ਕਰਵਾ ਕੇ 15 ਦਿਨਾਂ ਦੇ ਵਿੱਚ ਬਿਜਲੀ ਦਾ ਮੀਟਰ ਲਾਇਆ ਜਾਵੇ ਪਰ 20 ਦਿਨ ਬੀਤਣ ਦੇ ਬਾਵਜੂਦ ਬਿਜਲੀ ਬੋਰਡ, ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ।