ਸ਼ਗਨ ਕਟਾਰੀਆ
ਬਠਿੰਡਾ/ਜੈਤੋ, 4 ਅਪਰੈਲ
ਨਿੱਜੀ ਬੱਸ ਨਾਲ ਹਾਦਸੇ ’ਚ ਜਾਨ ਗੁਆਉਣ ਵਾਲੇ ਮਾਮੇ-ਭਾਣਜੀ ਦੇ ਪਰਿਵਾਰਾਂ ਨੂੰ ਇਨਸਾਫ਼ ਦੁਆਉਣ ਲਈ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ 3 ਅਪਰੈਲ ਤੋਂ ਚੱਲ ਰਿਹਾ ਧਰਨਾ ਅੱਜ ਸਮਾਪਤ ਹੋ ਗਿਆ।
ਜ਼ਿਕਰਯੋਗ ਹੈ ਕਿ 2 ਅਪਰੈਲ ਨੂੰ ਮਾਡਰਨ ਜੇਲ੍ਹ ਫ਼ਰੀਦਕੋਟ ਨੇੜੇ ਨਿਊ ਦੀਪ ਬੱਸ ਨਾਲ ਹੋਈ ਦੁਰਘਟਨਾ ਮੌਕੇ ਮੋਟਰਸਾਈਕਲ ਸਵਾਰ ਜੈਤੋ ਨੇੜਲੇ ਪਿੰਡ ਦਲ ਸਿੰਘ ਵਾਲਾ ਦਾ ਵਸਨੀਕ ਅਕਾਸ਼ਦੀਪ ਸਿੰਘ ਅਤੇ ਪਿੰਡ ਸਿਵੀਆਂ ਤੋਂ ਉਸਦੀ ਭਾਣਜੀ ਹਰਜਿੰਦਰ ਕੌਰ ਦੀ ਮੌਤ ਹੋ ਗਈ ਸੀ। ਲੜਕੀ ਆਪਣੇ ਨਾਨਕੇ ਪਿੰਡ ਰਹਿੰਦੀ ਸੀ ਅਤੇ ਉਸ ਦਾ ਮਾਮਾ ਉਸ ਨੂੰ ਫ਼ਰੀਦਕੋਟ ਤੋਂ ਦਵਾਈ ਦੁਆਉਣ ਜਾ ਰਿਹਾ ਸੀ। ਇਨ੍ਹਾਂ ਲਈ ਨਿਆਂ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 3 ਅਪਰੈਲ ਨੂੰ ਜੈਤੋ ਸਥਿਤ ਬਠਿੰਡਾ ਰੋਡ ’ਤੇ ਧਰਨਾ ਲਾ ਕੇ ਆਵਾਜਾਈ ਜਾਮ ਕੀਤੀ ਗਈ। ਦੇਰ ਰਾਤ ਕਰੀਬ 11 ਵਜੇ ਤੱਕ ਕੋਈ ਸੁਣਵਾਈ ਨਾ ਹੋਣ ’ਤੇ ਇਹ ਧਰਨਾ ਜੈਤੋ ਤੋਂ 5 ਕਿਲੋਮੀਟਰ ਦੂਰ ਬਠਿੰਡਾ ਰੋਡ ’ਤੇ ਹੀ ਪਿੰਡ ਸੇਵੇਵਾਲਾ ਵਿੱਚ ਤਬਦੀਲ ਕਰ ਦਿੱਤਾ ਗਿਆ।
ਸਵੇਰ ਤੱਕ ਵੀ ਮਾਮਲਾ ਤਣ ਪੱਤਣ ਨਾ ਲੱਗਣ ’ਤੇ ਵਿਖਾਵਾਕਾਰੀਆਂ ਨੇ ਬਾਜਾਖਾਨਾ-ਗੋਨਿਆਣਾ ਦਰਮਿਆਨ ਨੈਸ਼ਨਲ ਹਾਈਵੇਅ ਉੱਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਟੌਲ ਪਲਾਜ਼ੇ ’ਤੇ ਇਕ ਹੋਰ ਧਰਨਾ ਲਾ ਕੇ ਨਿਊ ਦੀਪ ਬੱਸ ਕੰਪਨੀ ਦੀਆਂ ਬੱਸਾਂ ਦਾ ਘਿਰਾਓ ਸ਼ੁਰੂ ਕਰ ਦਿੱਤਾ। ਬਾਅਦ ਦੁਪਹਿਰ ਪ੍ਰਸ਼ਾਸਨ ਨੇ ਵਿੱਚ ਪੈ ਕੇ ਬੱਸ ਅਪ੍ਰੇਟਰ ਤੋਂ ਤਿੰਨ ਲੱਖ ਦਾ ਮੁਆਵਜ਼ਾ ਪੀੜਤ ਪਰਿਵਾਰਾਂ ਨੂੰ ਦੁਆ ਦਿੱਤਾ। ਜਾਣਕਾਰੀ ਮੁਤਾਬਿਕ ਬੀਮਾ ਰਾਸ਼ੀ ਵੀ ਪੀੜਤਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ। ਕਰੀਬ 28 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਧਰਨੇ ਖਤਮ ਕਰਨ ਦਾ ਐਲਾਨ ਹੋ ਗਿਆ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਗੁਰਪਾਲ ਸਿੰਘ ਨੰਗਲ, ਅੰਗਰੇਜ਼ ਸਿੰਘ ਗੋਰਾ ਮੱਤਾ, ਕਰਮਜੀਤ ਸਿੰਘ ਸੇਵੇਵਾਲਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਜਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀਕਪੂਰਾ, ਜ਼ਿਲ੍ਹਾ ਆਗੂ ਮੋਹਨ ਸਿੰਘ ਵਾੜਾ ਭਾਈਕਾ, ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਬਲਾਕ ਜੈਤੋ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮੱਤਾ ਨੇ ਕੀਤੀ।