ਪੱਤਰ ਪ੍ਰੇਰਕ
ਬਠਿੰਡਾ, 27 ਜੁਲਾਈ
ਭਾਜਪਾ ਦੇ ਤਿੰਨ ਰੋਜ਼ਾ ਸੂਬਾ ਪੱਧਰੀ ਸਿਖਲਾਈ ਕੈਂਪ ਦਾ ਉਦਘਾਟਨ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬਠਿੰਡਾ ਵਿੱਚ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨਾਲ ਕੇਂਦਰੀ ਸਿਖਲਾਈ ਕਮੇਟੀ ਦੇ ਮੈਂਬਰ ਸ਼ਿਵ ਸ਼ਕਤੀ, ਭਾਜਪਾ ਦੇ ਕੌਮੀ ਸਕੱਤਰ ਤੇ ਸੂਬਾ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਆਦਿ ਵੀ ਹਾਜ਼ਰ ਸਨ। ਅਸ਼ਵਨੀ ਸ਼ਰਮਾ ਨੇ ਕੇਂਦਰੀ ਆਗੂਆਂ ਦਾ ਸਵਾਗਤ ਕੀਤਾ। ਭਾਜਪਾ ਵੱਲੋਂ ਪਾਰਟੀ ਵਰਕਰਾਂ ਲਈ ਸਿਖਲਾਈ ਇਹ ਕੈਂਪ 27 ਤੋਂ 29 ਜੁਲਾਈ ਤੱਕ ਚੱਲੇਗਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਸਿਆਸੀ ਪਾਰਟੀ ਹੈ ਜਿਸ ਵਿੱਚ ਵਰਕਰ ਜਥੇਬੰਦੀ ਦੀ ਵਿਚਾਰਧਾਰਾ ਅਨੁਸਾਰ ਰਾਸ਼ਟਰ ਨਿਰਮਾਣ ਅਤੇ ਸਮਾਜ ਸੇਵਾ ਲਈ ਸਵੈ-ਇੱਛਾ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਨੁਸ਼ਾਸਨਿਕ ਪਾਰਟੀ ਹੈ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸਿਖਲਾਈ ਕੈਂਪ ਵਿੱਚ ਸੂਬੇ ਦੇ 200 ਦੇ ਕਰੀਬ ਸੂਬਾਈ ਅਹੁਦੇਦਾਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਤੇ ਵਰਕਰ ਆਦਿ ਹਿੱਸਾ ਲੈਣਗੇ। ਇਨ੍ਹਾਂ ਨੂੰ ਸਿਖਲਾਈ ਅਤੇ ਮਾਰਗਦਰਸ਼ਨ ਲਈ ਸੀਨੀਅਰ ਆਗੂ ਬਠਿੰਡਾ ਪੁੱਜਣਗੇ।
ਕੈਂਪ ਦੇ ਪਹਿਲੇ ਦਿਨ ਪਹਿਲੇ ਸੈਸ਼ਨ ਵਿੱਚ ਕੇਂਦਰੀ ਸਿਖਲਾਈ ਕਮੇਟੀ ਦੇ ਮੈਂਬਰ ਸ਼ਿਵ ਸ਼ਕਤੀ ਨੇ ਪਾਰਟੀ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੱਤੀ। ਦੂਜੇ ਸੈਸ਼ਨ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਨੇ ਰਾਸ਼ਟਰ ਦੇ ਪੁਨਰ ਨਿਰਮਾਣ ਵਿੱਚ ਭਾਜਪਾ ਦੇ ਯੋਗਦਾਨ ਬਾਰੇ ਚਾਨਣਾ ਪਾਇਆ।