ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਅਕਤੂਬਰ
ਬਠਿੰਡਾ ਦੇ ਥਰਮਲ ਗਰਾਊਂਡ ਵਿਚ ਭਲਕੇ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁੰਡੀ ਨਾਲ ਨੁਕਸਾਨੇ ਗਏ ਨਰਮੇ ਦੀ ਫ਼ਸਲ ਦੇ ਮੁੱਦੇ ’ਤੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦਲ ਵੱਲੋਂ ਤਿਆਰੀ ਮੁਕੰਮਲ ਹੋਣ ਸਮੇਤ ਕਪਾਹ ਪੱਟੀ ਵਿਚਲੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ।
ਅਕਾਲੀ ਦਲ ਵੱਲੋਂ ਬਠਿੰਡਾ (ਸ਼ਹਿਰੀ) ਤੋਂ ਐਲਾਨੇ ਗਏ ਉਮੀਦਵਾਰ ਅਤੇ ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਗਰਾਊਂਡ ਵਿਚ ਵਿਸ਼ਾਲ ਪੰਡਾਲ ਆਪਣੀ ਨਿਗਰਾਨੀ ਵਿਚ ਲੁਆਇਆ ਗਿਆ ਹੈ। ਇਸ ਦਾ ਜਾਇਜ਼ਾ ਲੈਣ ਲਈ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਪੰਡਾਲ ਵਾਲੀ ਜਗ੍ਹਾ ਦਾ ਦੌਰਾ ਕਰਕੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ।
ਭਾਵੇਂ ਇਸ ਨੂੰ ਰੋਸ ਪ੍ਰਦਰਸ਼ਨ ਦਾ ਨਾਂਅ ਦਿੱਤਾ ਗਿਆ ਹੈ ਪਰ ਜਾਣਕਾਰੀ ਮੁਤਾਬਿਕ ਰੈਲੀ’-ਨੁਮਾ ਇਕੱਠ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਪਹੁੰਚਣਗੇ। ਉਂਜ ਭਾਵੇਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚਿਰਾਂ ਤੋਂ ਆਪਣੀਆਂ ਜਨਤਕ ਸਰਗਰਮੀਆਂ ਘਟਾਈਆਂ ਹੋਈਆਂ ਹਨ ਪਰ ਇਥੇ ਉਨ੍ਹਾਂ ਦੇ ਆਉਣ ਦੀ ਪ੍ਰਬਲ ਸੰਭਾਵਨਾ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਇਥੇ ਪਹੁੰਚਣ ਬਾਰੇ ਵੀ ਦੱਸਿਆ ਗਿਆ ਹੈ। ਇਸ ਇਕੱਠ ਰਾਹੀਂ ਪੰਜਾਬ ਸਰਕਾਰ ਤੋਂ ਪੀੜਤ ਨਰਮਾ ਕਾਸ਼ਤਕਾਰਾਂ ਲਈ ਮੁਆਵਜ਼ੇ ਦੀ ਮੰਗ ਕਰਦਿਆਂ, ਹੁਕਮਰਾਨ ਧਿਰ ’ਤੇ ਸਿਆਸੀ ਨਿਸ਼ਾਨੇ ਸੇਧੇ ਜਾਣਗੇ।