ਪੱਤਰ ਪ੍ਰੇਰਕ
ਬਠਿੰਡਾ, 5 ਜੂਨ
ਸ਼ਹਿਰ ਦੇ ਸਮਾਜਸੇਵੀਆਂ ਨੇ ਇੱਕ ਆਂਗਣਵਾੜੀ ਕੇਂਦਰ ਨੂੰ ਸਮਾਰਟ ਸੈਂਟਰ ਵਿੱਚ ਬਦਲ ਦਿੱਤਾ ਹੈ। ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਇਸ ਸੈਂਟਰ ਦੀ ਕੀਤੀ ਕਾਇਆਕਲਪ ਤੋਂ ਬਾਅਦ ਸ਼ਹਿਰ ਵਾਸੀ ਇਸ ਨੂੰ ਦੇਖਣ ਪੁੱਜ ਰਹੇ ਹਨ। ਐੱਲਈਡੀ ਸਕਰੀਨ ਤੋਂ ਬੱਚਿਆਂ ਲਈ ਸਿੱਖਣ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਵੱਖ-ਵੱਖ ਵਿਦਿਅਕ ਸਮਗਰੀ ਅਤੇ ਕੰਧ ’ਤੇ ਚਿੱਤਰਕਾਰੀ ਵੀ ਕੀਤੀ ਗਈ ਹੈ। ਇਸ ਸੈਂਟਰ ਨੂੰ ਸੀਸੀਟੀਵੀ ਕੈਮਰੇ, ਇੰਟਰਨੈੱਟ ਅਤੇ ਅੱਗ ਬੁਝਾਊ ਯੰਤਰਾਂ ਨਾਲ ਲੈਸ ਕੀਤਾ ਗਿਆ ਹੈ। ਆਸਰਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਦੱਸਿਆ ਕਿ ਸ਼ਹਿਰ ਦੇ ਪੂਜਾ ਵਾਲਾ ਮੁਹੱਲੇ ਵਿੱਚ ਸਥਿਤ ਸਰਕਾਰੀ ਦੇਸਰਾਜ ਮੈਮੋਰੀਅਲ ਸਕੂਲ ਵਿੱਚ ਸਥਾਪਤ ਆਂਗਣਵਾੜੀ ਸੈਂਟਰ ਵਿੱਚ ਸਾਰੇ ਬੁਨਿਆਦੀ ਢਾਂਚੇ ਸ਼ੁਰੂ ਕਰਨ ਪਿੱਛੇ ਅਸਲ ਮੰਤਵ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਪੜ੍ਹਾਉਣਾ ਹੈ। ਸੈਂਟਰ ਵਿੱਚ ਸੀਸੀਟੀਵੀ ਦਾ ਮਾਪਿਆਂ ਦੇ ਮੋਬਾਈਲ ਫੋਨਾਂ ਨਾਲ ਜੁੜੇ ਹੋਣ ਨਾਲ ਉਹ ਘਰਾਂ ਵਿੱਚ ਬੈਠ ਕੇ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਦੇਖ ਸਕਣਗੇ।