ਸ਼ਗਨ ਕਟਾਰੀਆ
ਬਠਿੰਡਾ, 26 ਅਕਤੂਬਰ
ਯੂਨਾਈਟਿਡ ਅਕਾਲੀ ਦਲ ਦੇ ਵਫ਼ਦ ਨੇ ਅੱਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲ ਕੇ ਸਿੱਖ ਮਸਲਿਆਂ ’ਤੇ ਚਰਚਾ ਕਰਦਿਆਂ ਨਿਆਂ ਦੇਣ ਦੀ ਮੰਗ ਕੀਤੀ।
ਦਲ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ ਅਨੁਸਾਰ ਉਨ੍ਹਾਂ ਸਮੇਤ ਬਹਾਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ, ਜਤਿੰਦਰ ਸਿੰਘ ਈਸੜੂ, ਨਛੱਤਰ ਸਿੰਘ ਦਬੜ੍ਹੀਖਾਨਾ, ਜਸਵਿੰਦਰ ਸਿੰਘ ਘੋਲੀਆ, ਰਛਪਾਲ ਸਿੰਘ ਚੰਡੀਗੜ੍ਹ ਅਤੇ ਭੁਪਿੰਦਰ ਸਿੰਘ ਵਫ਼ਦ ’ਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਚੇਅਰਮੈਨ ਨਾਲ ਪਿਛਲੇ 75 ਸਾਲਾਂ ਵਿੱਚ ਪੰਜਾਬ ਅਤੇ ਸਿੱਖ ਕੌਮ ਨਾਲ ਹੋਈਆਂ ਜ਼ਾਲਮਾਨਾ ਕਾਰਵਾਈਆਂ ਅਤੇ ਬੇਇਨਸਾਫ਼ੀ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਮੁਗਲ ਰਾਜ, ਅੰਗਰੇਜ਼ਾਂ ਅਤੇ 1947 ਤੋਂ ਬਾਅਦ ਗੁਆਂਢੀ ਮੁਲਕਾਂ ਨਾਲ ਜੰਗਾਂ ਅਤੇ ਦੇਸ਼ ਦੀ ਤਰੱਕੀ ਵਿੱਚ ਸਿੱਖਾਂ ਵੱਲੋਂ ਪਾਏ ਯੋਗਦਾਨ ਅਤੇ ਸ਼ਹਾਦਤਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਵੀ ਦੱਸਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵੱਲੋਂ ਸਰਕਾਰੀ ਗੰਨਮੈਨਾਂ ਨਾਲ ਵੀਆਈਪੀ ਟੌਹਰ ਨਾਲ ਵਿਚਰਨ ਨਾਲ ਸਿੱਖਾਂ ’ਚ ਭੜਕਾਹਟ ਪੈਦਾ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਗਈ ਕਿ ਬੇਅਦਬੀ ਦੇ ਦੋਸ਼ੀਆਂ ’ਤੇ ਯੂਏਪੀਏ ਐਕਟ ਲਾਇਆ ਜਾਵੇ। ਡੇਰਾ ਸਿਰਸਾ ਦੇ ਮੁਖੀ ਦੀਆਂ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਦੇ ਮੱਦੇਨਜ਼ਰ ਉਸ ਦੀ ਪੈਰੋਲ ਰੱਦ ਕੀਤੀ ਜਾਵੇ। ਬੇਅਦਬੀ ਅਤੇ ਬਹਬਿਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਅਤੇ ਜਲਦੀ ਸਜ਼ਾਵਾਂ ਦੇਣ ਲਈ ਸਪੈਸ਼ਲ ਕੋਰਟ ਬਣਾਈ ਜਾਵੇ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਬਹਬਿਲ ਗੋਲ਼ੀ ਕਾਂਡ ਵਿੱਚ ਗ੍ਰਿਫ਼ਤਾਰੀ ਕੀਤੀ ਜਾਵੇ। ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈ ਹੋਵੇ ਅਤੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ’ਚ ਬਦਲ ਕੇ ਪੈਰੋਲ ਦਿੱਤੀ ਜਾਵੇ। ਗੁਰਦੀਪ ਸਿੰਘ ਅਨੁਸਾਰ ਸ੍ਰੀ ਲਾਲਪੁਰਾ ਵੱਲੋਂ ਮੰਗਾਂ ਦੇ ਸਬੰਧ ’ਚ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ।