ਸ਼ਗਨ ਕਟਾਰੀਆ
ਬਠਿੰਡਾ, 11 ਮਾਰਚ
ਮਹਾ-ਸ਼ਿਵਰਾਤਰੀ ਦੇ ਮੌਕੇ ਮੰਦਰਾਂ ਵਿੱਚ ਅੱਜ ਰੌਣਕਾਂ ਲੱਗੀਆਂ ਰਹੀਆਂ। ਹਰਿਦੁਆਰ ਤੋਂ ਪੈਦਲ ਗੰਗਾ ਜਲ ਲਿਆਉਣ ਵਾਲੇ ਕਾਂਵੜੀਆਂ ਦੀ ਬੀਤੀ ਸ਼ਾਮ ਤੋਂ ਆਮਦ ਹੋਣ ਨਾਲ ਬਾਜ਼ਾਰਾਂ ’ਚ ਜਸ਼ਨ ਦੇ ਮਾਹੌਲ ਸਨ। ਲੋਕਾਂ ਵੱਲੋਂ ਸ਼ਿਵ ਭਗਤਾਂ ਦਾ ਸਵਾਗਤ ਫੁੱਲਾਂ ਦੀ ਵਰਖਾ, ਗੁਲਾਲ, ਸਵਾਗਤੀ ਗੇਟ, ਬੈਂਡ-ਵਾਜਿਆਂ ਨਾਲ ਕੀਤਾ ਗਿਆ। ਸ਼ਿਵ ਅਰਾਧਨਾ ਦੇ ਗੀਤਾਂ ਦੀ ਗੂੰਜ ’ਤੇ ਸ਼ਰਧਾਲੂ ਨੱਚ ਰਹੇ ਸਨ। ਲੋਕਾਂ ਵੱਲੋਂ ਇਸ ਦਿਹਾੜੇ ਮੌਕੇ ਮੰਦਰਾਂ ਤੋਂ ਇਲਾਵਾ ਬਾਜ਼ਾਰਾਂ ਵਿਚ ਲੰਗਰ ਲਾਏ ਗਏ। ਪੁਲੀਸ ਵੱਲੋਂ ਇਕੱਠ ਦੇ ਮੱਦੇਨਜ਼ਰ ਮੰਦਰਾਂ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ।
ਮਾਨਸਾ, (ਪੱਤਰ ਪ੍ਰੇਰਕ) ਮਹਾਂਸ਼ਿਵਰਾਤਰੀ ਮੌਕੇ ਸ਼ਹਿਰ ਦੇ ਗੀਤਾ ਭਵਨ, ਜੈ ਮਾਂ ਮੰਦਰ, ਰੇਲਵੇ ਸ਼ਿਵ ਤ੍ਰਿਵੈਣੀ, ਮਹਾ ਸ਼ਕਤੀ ਰਾਇਸ ਮਿੱਲ, ਸਦਾ ਸ਼ਿਵ ਮੰਦਰ, ਹਰ-ਹਰ ਮਹਾਂਦੇਵ ਮੰਦਰ, ਲਕਸ਼ਮੀ ਨਾਰਾਇਣ ਮੰਦਰ, ਸ਼ਿਵ ਤ੍ਰਿਵੈਣੀ ਮੰਦਰ ਪਾਰਕ ਰੋਡ, ਜੈ ਮਾਂ ਸ਼ਾਰਦਾ ਮੰਦਰ, ਨਵ ਦੁਰਗਾ ਭਵਨ, ਸ਼ਿਵਪਾਰਵਤੀ ਮੰਦਰ, ਅੰਨਪੂਰਨਾ ਮੰਦਰ ਆਦਿ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵੀਰਵਾਰ ਦੀ ਸਵੇਰ ਹੁੰਦੇ ਹੀ ਮੰਦਰਾਂ ’ਚ ਸ਼ਿਵਲਿੰਗ ’ਤੇ ਜਲਾਵਿਸ਼ੇਕ ਕਰਨ ਲਈ ਔਰਤਾਂ, ਲੜਕੀਆਂ ਅਤੇ ਸ਼ਿਵ ਭਗਤਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਸਾਰਾ ਸ਼ਹਿਰ ਬੰਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉਠਿਆ, ਜਿਸ ਨੂੰ ਲੈ ਕੇ ਸ਼ਿਵ ਭਗਤ ਵੱਡੀ ਗਿਣਤੀ ’ਚ ਪਿਛਲੇ ਦਿਨਾਂ ਤੋਂ ਹਰਿਦੁਆਰ ਗੰਗਾ ਜਲ ਲੈਣ ਲਈ ਗਏ ਹੋਏ ਸਨ, ਜੋ ਕਿ ਸ਼ਰਧਾ ਨਾਲ ਹਰਿਦਵਾਰ ਤੋਂ ਗੰਗਾ ਜਲ ਲੈ ਕੇ ਵਾਪਸ ਪਰਤੇ ਅਤੇ ਵੀਰਵਾਰ ਨੂੰ ਵੱਖ-ਵੱਖ ਮੰਦਰਾਂ ਵਿਖੇ ਸ਼ਿਵਲਿੰਗ ’ਤੇ ਜਲਾਅਭਿਸ਼ੇਕ ਕਰਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਵਾਈ।
ਸ਼ਹਿਣਾ (ਪੱਤਰ ਪ੍ਰੇਰਕ): ਪ੍ਰਾਚੀਨ ਸ਼ਿਵ ਮੰਦਰ ਸ਼ਹਿਣਾ ’ਚ ਪ੍ਰਬੰਧਕਾਂ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਪੰਡਤ ਨੰਦ ਕਿਸ਼ੋਰ ਅਤੇ ਪੰਡਤ ਬਦਰੀ ਪ੍ਰਸਾਦਿ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸ਼ਿਵ ਸੇਵਾ ਕਾਂਵੜ ਸੰਘ ਵੱਲੋਂ 150 ਮੈਂਬਰਾਂ ਦਾ ਜਥਾ ਸ੍ਰੀ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚਿਆਂ।
ਭੀਖੀ (ਪੱਤਰ ਪ੍ਰੇਰਕ): ਸਥਾਨਕ ਸ਼ਿਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਵਰਿੰਦਾਵਣ ਤੋਂ ਆਏ ਸਵਾਮੀ ਨੇ ਸੰਗੀਤਮਈ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮਹਾਂਵੀਰ ਦਲ ਦਾ ਝੰਡਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਮਾਨਸਾ ਡਾ. ਵਿਜੈ ਜਿੰਦਲ ਨੇ ਅਦਾ ਕੀਤੀ। ਇਸ ਮੌਕੇ ਡਾ. ਸ਼ਾਮ ਲਾਲ, ਓੁਮ ਪ੍ਰਕਾਸ਼ ਜਿੰਦਲ, ਸੁਭਾਸ਼ ਮਹਿਤਾ, ਦਲ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਗਾ, ਜੀਵਨ ਕੁਮਾਰ ਦੁੱਲਾ, ਪ੍ਰੇਮ ਕੁਮਾਰ ਰੂਬੀ, ਸੁਖਦੇਵ ਸੁੱਖਾ, ਭੀਮਸੈਨ ਅਸਪਾਲ, ਜੀਵਨ ਸਿੰਗਲਾ, ਗੁਲਸ਼ਨ ਬੱਲੀ, ਸੋਨੂੰ ਸ਼ਰਮਾ ਅਤੇ ਧਰਮ ਪਾਲ ਵੀ ਹਾਜਰ ਸਨ।