ਪੱਤਰ ਪ੍ਰੇਰਕ
ਬਠਿੰਡਾ, 7 ਫਰਵਰੀ
ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਿੱਖਿਆ ਵਿਭਾਗ ਵੱਲੋਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਮੁੜ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਅਤੇ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਸਿੱਖਿਆ ਵਿਭਾਗ ਵੱਲੋਂ ਮਾਪਿਆਂ ਦੀ ਮੰਗ ’ਤੇ ਪੰਜਾਬ ਦੇ ਸਮੂਹ ਸਕੂਲਾਂ ਨੂੰ ਮੁੜ ਖੋਲ੍ਹਿਆ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ, ਉਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ 276 ਸਕੂਲਾਂ ਨੂੰ ਅੱਜ ਖੋਲ੍ਹਿਆ ਗਿਆ ਹੈ ਜਿਸ ਤਹਿਤ 128 ਸੈਕੰਡਰੀ ਸਕੂਲ, 75 ਹਾਈ ਸਕੂਲ ਅਤੇ 73 ਮਿਡਲ ਸਕੂਲਾਂ ਵਿੱਚ ਮੁੜ ਬੱਚਿਆਂ ਦੀਆਂ ਰੌਣਕਾਂ ਲੱਗੀਆਂ ਹਨ। ਇਸ ਮੌਕੇ ਬੱਚਿਆਂ ਅਤੇ ਮਾਪਿਆਂ ਦੇ ਚਿਹਰਿਆਂ ’ਤੇ ਖੁਸ਼ੀ ਵੇਖਣ ਨੂੰ ਮਿਲੀ ਅਤੇ ਚਾਈਂ-ਚਾਈਂ ਬੱਚਿਆਂ ਨੇ ਸਕੂਲਾਂ ਵਿੱਚ ਅੱਜ ਪੜ੍ਹਾਈ ਸ਼ੁਰੂ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਜਦ ਕਈ ਸਕੂਲਾਂ ਵਿੱਚ ਜਾ ਕੇ ਨਿਰੀਖਣ ਕੀਤਾ ਗਿਆ ਤਾਂ ਜਮਾਤਾਂ ਵਿੱਚ ਬੱਚੇ ਮਾਸਕ ਲਾ ਕੇ ਆਪਣੀ ਪੜ੍ਹਾਈ ਕਰ ਰਹੇ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਅਤੇ ਸ਼ਹੀਦ ਬੁੱਧੂ ਖਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 50 ਫੀਸਦੀ ਬੱਚੇ ਸਕੂਲਾਂ ’ਚ ਆਏ। ਵੱਖ-ਵੱਖ ਜਥੇਬੰਦੀਆਂ ਨੇ ਪੁਰਜ਼ੋਰ ਢੰਗ ਨਾਲ ਮੁਜ਼ਾਹਰੇ ਕਰ ਕੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਸਕੂਲ ਪ੍ਰਬੰਧਕਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਹੋਰ ਵਧ ਜਾਵੇਗੀ। ਸਕੂਲਾਂ ਵਿੱਚ 15 ਸਾਲ ਤੋਂ ਉਪਰ ਦੇ ਬੱਚਿਆਂ ਦੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਸਕੂਲ ਖੁੱਲ੍ਹਣ ’ਤੇ ਸਕੂਲੀ ਬੱਸਾਂ, ਸਟੇਸ਼ਨਰੀ ਤੇ ਵਰਦੀਆਂ ਵਾਲੀਆਂ ਦੁਕਾਨਾਂ ’ਤੇ ਰੌਣਕ ਦੇਖਣ ਨੂੰ ਮਿਲੀ। ਸਿੱਖਿਆ ਵਿਭਾਗ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਦੇ ਵਿਦਿਆਰਥੀ ਸਕੂਲ ਪਹੁੰਚੇ ਪਰ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੀ ਘੱਟ ਦੇਖਣ ਨੂੰ ਮਿਲੀ।ਸੂਤਰਾਂ ਨੇ ਦੱਸਿਆ ਕਿ ਕਈ ਸਕੂਲਾਂ ਵਿੱਚ ਵਿਦਿਆਰਥੀ ਦੀ ਬਹੁਤ ਹੀ ਘੱਟ ਸੀ ਅਤੇ ਕਈ ਸਕੂਲਾਂ ਵਿੱਚ ਦੋ ਤੋਂ ਪੰਜ ਵਿਦਿਆਰਥੀ ਹੀ ਪਹੁੰਚੇ।