ਸ਼ਗਨ ਕਟਾਰੀਆ
ਬਠਿੰਡਾ, 17 ਜੂਨ
ਪੋਸਟ ਮੈਟ੍ਰਿਕ ਸਕੀਮ ਵਿੱਚ ਘੁਟਾਲੇ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਅੱਜ ਇਥੇ ਤੀਜੇ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਵੀਰਵਾਰ ਨੂੰ ਸੁਖਵੀਰ ਸਿੰਘ ਮਾਈਸਰਖਾਨਾ, ਨਛੱਤਰ ਸਿੰਘ ਮੌੜ, ਨਿਰਮਲ ਸਿੰਘ ਅਤੇ ਠੰਡੂ ਸਿੰਘ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੀਲ ਗਰਗ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਲੀਗਲ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਨਵਦੀਪ ਜੀਦਾ ਅਤੇ ਹੋਰ ਆਗੂਆਂ ਨੇ ਕੈਪਟਨ ਸਰਕਾਰ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਲਗਾਤਾਰ ਦਲਿਤ ਵਰਗ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲੱਖਾਂ ਰੁਪਏ ਕਥਿਤ ਤੌਰ ’ਤੇ ਹੜੱਪਣ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਪਟਨ ਸਰਕਾਰ ਫੌਰੀ ਵਜ਼ਾਰਤ ’ਚੋਂ ਬਰਖ਼ਾਸਤ ਕਰਕੇ ਮਾਮਲੇ ਦੀ ਪੜਤਾਲ ਲਈ ਪੁਲੀਸ ਕੇਸ ਦਰਜ ਕਰਵਾਏ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਆਮ ਆਦਮੀ ਪਾਰਟੀ ਵੱਲੋਂ ਵਜ਼ੀਫਾ ਘੁਟਾਲੇ ਖ਼ਿਲਾਫ਼ ਸ਼ੁਰੂ ਕੀਤੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਇਸ ਮੌਕੇ ਪਾਰਟੀ ਦੇ ਐੱਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਐੱਸਸੀ ਵਰਗ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਕਮ ਵਿੱਚ ਵੱਡਾ ਘੁਟਾਲਾ ਕੀਤਾ ਹੈ ਜਿਸ ਕਾਰਨ ਅੱਜ ਪੰਜਾਬ ਦੇ ਐੱਸਸੀ ਵਿਦਿਆਰਥੀਆਂ ਦਾ ਜੀਵਨ ਬਰਬਾਦ ਹੋ ਰਿਹਾ ਹੈ। ਇਸ ਘੁਟਾਲੇ ਦੀ ਸਜ਼ਾ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਬਜਾਏ ਦਲਿਤ ਵਿਦਿਆਰਥੀਆਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਵਜ਼ੀਫ਼ਾ ਘੁਟਾਲਾ ਉਜਾਗਰ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਘੁਟਾਲੇ ਲਈ ਜ਼ਿੰਮੇਵਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਦੇ ਐੱਸਸੀਐੱਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ਾਂ ਵਿਰੁੱਧ ਰਾਜ ਭਰ ਵਿਚ ਲਗਾਤਾਰ ਤੀਜੇ ਦਿਨ ਆਮ ਆਦਮੀ ਪਾਰਟੀ ਵੱਲੋਂ ਧਰਨੇ ਜਾਰੀ ਰਹੇ। ਜ਼ਿਲ੍ਹਾ ਕਚਹਿਰੀਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਸਬੰਧੀ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅੱਜ ਫਿਰ ਆਮ ਆਦਮੀ ਪਾਰਟੀ ਦੇ 5 ਵਲੰਟੀਅਰ ਭੁੱਖ ਹੜਤਾਲ ’ਤੇ ਬੈਠੇ। ਭੁੱਖ ਹੜਤਾਲ ’ਤੇ ਅਮਮਦੀਪ ਸਿੰਘ ਭੁਪਾਲ ਖੁਰਦ, ਸਖਜ਼ਿੰਦਰ ਸਿੰਘ ਬੁਢਲਾਡਾ, ਜਗਤਾਰ ਸਿੰਘ ਬੁਢਲਾਡਾ, ਸਤਨਾਮ ਸਿੰਘ ਬੁਢਲਾਡਾ, ਹਰੀਸ਼ ਕੁਮਾਰ ਬੁਢਲਾਡਾ ਬੈਠੇ।