ਮਨੋਜ ਸ਼ਰਮਾ
ਬਠਿੰਡਾ 22 ਅਗਸਤ
ਕੁੱਝ ਦਿਨ ਪਹਿਲਾਂ ਨੇੜਲੇ ਪਿੰਡ ਮਲੂਕਾ ਵਿੱਚ ਤੀਆਂ ਦੇ ਪ੍ਰੋਗਰਾਮ ਸਮੇਂ ਕੁੱਝ ਜਨਰਲ ਵਰਗ ਦੇ ਲੋਕਾਂ ਵੱਲੋਂ ਐਸਸੀ ਸਮਾਜ ਦੀਆਂ ਮਹਿਲਾਵਾਂ ਨਾਲ ਗਿੱਧਾ ਪਾਉਣ ਅਤੇ ਲੰਗਰ ਛਕਾਉਣ ਸਮੇਂ ਕੀਤੇ ਗਏ ਕਥਿਤ ਜਾਤੀ ਵਿਤਕਰੇ ਦੇ ਮਾਮਲੇ ਵਿੱਚ ਅੱਜ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੂਨਮ ਕਾਂਗੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਪਿੰਡ ਦਾ ਦੌਰਾ ਕੀਤਾ ਤੇ ਦੋਵੇ ਧਿਰਾਂ ਦਾ ਪੱਖ ਸੁਣਿਆ। ਇਸ ਮੌਕੇ ਐਸ ਸੀ ਵਰਗ ਨਾਲ ਸਬੰਧਤ ਸੰਦੀਪ ਕੌਰ, ਕੁਲਦੀਪ ਕੌਰ, ਗੁਰਦੇਵ ਸਿੰਘ ਆਦਿ ਨੇ ਦੱਸਿਆ ਕਿ ਸਮੂਹ ਪਿੰਡ ਵੱਲੋਂ ਮਿਲ ਕੇ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ, ਪਰੰਤੂ ਉਸ ਪ੍ਰੋਗਰਾਮ ਵਿੱਚ ਜਨਰਲ ਵਰਗ ਨਾਲ ਸਬੰਧਤ ਰਘਬੀਰ ਸਿੰਘ, ਕੁਲਦੀਪ ਕੌਰ, ਜਗਸੀਰ ਸਿੰਘ ਜੱਗਾ ਆਦਿ ਨੇ ਉਨ੍ਹਾਂ ਨਾਲ ਜਾਤੀ ਵਿਤਕਰਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਪਰ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੂਨਮ ਕਾਂਗੜਾ ਨੇ ਡੀਐਸਪੀ ਰਾਮਪੁਰਾ ਫੂਲ ਨੂੰ ਆਦੇਸ਼ ਦਿੱਤੇ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 2 ਸਤੰਬਰ ਨੂੰ ਕਮਿਸ਼ਨ ਕੋਲ ਰਿਪੋਰਟ ਪੇਸ਼ ਕਰਨ।