ਸ਼ਗਨ ਕਟਾਰੀਆ
ਬਠਿੰਡਾ, 13 ਨਵੰਬਰ
ਕਿਸਾਨ ਅੱਜ 45ਵੇਂ ਦਿਨ ਵੀ ਸੰਘਰਸ਼ੀ ਮੋਰਚਿਆਂ ’ਤੇ ਬੈਠੇ ਰਹੇ। ਕਿਸਾਨਾਂ ਆਖਿਆ ਕਿ ਉਹ ਐਤਕੀਂ ਦੀਵਾਲੀ ਸੰਗਰਾਮੀ ਮੋਰਚਿਆਂ ’ਤੇ ਹੀ ਮਨਾਉਣਗੇ। ਇੱਥੇ ਰੇਲ ਪਟੜੀਆਂ ਨਜ਼ਦੀਕ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦਰਸ਼ਨ ਸਿੰਘ ਖੇਮੂਆਣਾ, ਅਮਰਜੀਤ ਸਿੰਘ ਹਨੀ, ਜਗਸੀਰ ਸਿੰਘ ਜੀਦਾ, ਸੁਖਮੰਦਰ ਸਿੰਘ ਸਰਾਭਾ, ਨਾਇਬ ਸਿੰਘ ਫੂਸ ਮੰਡੀ, ਕੁਲਵੰਤ ਸਿੰਘ ਨੇਹੀਆਂ ਵਾਲਾ, ਗੁਰਦੀਪ ਸਿੰਘ ਨਰੂਆਣਾ, ਮਿੱਠੂ ਸਿੰਘ ਘੁੱਦਾ ਆਦਿ ਨੇ ਕੇਂਦਰ ਸਰਕਾਰ ’ਤੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਆਖਿਆ ਕਿ ਪੰਜਾਬ ਦੀ ਆਰਥਿਕ ਘੇਰਾਬੰਦੀ ਕਰਕੇ ਇਸ ਦਾ ਠੀਕਰਾ ਸੰਘਰਸ਼ਕਾਰੀਆਂ ਸਿਰ ਭੰਨਿਆ ਜਾ ਰਿਹਾ ਹੈ, ਹਾਲਾਂ ਕਿ ਸਭ ਕਾਸੇ ਦੀ ਕਸੂਰਵਾਰ ਕੇਂਦਰ ਸਰਕਾਰ ਹੈ। ਉਨ੍ਹਾਂ ਕਿਹਾ ਕਿ 26-27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਲਈ ਲੋਕਾਂ ’ਚ ਜੋਸ਼ ਹੈ ਅਤੇ ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਨੂੰ ਕੂਚ ਕਰਨਗੇ। ਉਧਰ ਰਿਲਾਇੰਸ ਮਾਲ, ਬੈਸਟ ਪਰਾਈਸ, ਟੌਲ ਪਲਾਜ਼ਿਆਂ ਅਤੇ ਪੈਟਰੌਲ ਪੰਪਾਂ ’ਤੇ ਧਰਨੇ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਸ਼ਿੰਗਾਰਾ ਸਿੰਘ ਮਾਨ, ਰਾਜਵਿੰਦਰ ਸਿੰਘ ਆਦਿ ਨੇ ਕਿਹਾ ਕਿ ਇਸ ਵਾਰ ਦੀਵਾਲੀ ਕਿਸਾਨ ਸੰਗਰਾਮੀ ਮੋਰਚਿਆਂ ’ਤੇ ਹੀ ਮਸ਼ਾਲਾਂ ਬਾਲ ਕੇ ਮਨਾਉਣਗੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਹਰ-ਰੋਜ਼ ਹੋ ਰਹੇ ਧਰਨਿਆਂ ਦੌਰਾਨ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜ ਕੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅੰਨਦਾਤੇ ਨੂੰ ਸਮੁੱਚੇ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨਾਲ ਕਾਲੀ ਦੀਵਾਲੀ ਮਨਾਉਣੀ ਪੈ ਰਹੀ ਹੈ। ਸੰਘਰਸ਼ੀ ਧਿਰਾਂ ਨੇ ਕਿਸਾਨਾਂ-ਮਜ਼ਦੂਰਾਂ ਅਤੇ ਵਪਾਰੀਆਂ ਨੂੰ ਆਪਣੇ ਘਰਾਂ ਉੱਪਰ ਦੀਵੈ ਜਗਾਉਣ ਨਾਲੋਂ ਕਾਲੇ ਝੰਡੇ ਲਾਉਣ ਦਾ ਹੋਕਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਰੇਲਵੇ ਸਟੇਸ਼ਨ ‘ਤੇ ਪੱਕਾ ਮੋਰਚਾ ਅੱਜ 44ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਕਿਸਾਨ,ਮਜ਼ਦੂਰ,ਔਰਤਾਂ,ਬੱਚਿਆਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮੰਗ ਕੀਤੀ ਕਿ ਜੋ ਕਾਲੇ ਕਾਨੂੰਨ ਬਣਾਏ ਨੇ ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਜੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕੇਂਦਰ ਦੇ ਖੇਤੀ ਮੰਤਰੀ ਨਾਲ ਹੋ ਰਹੀ ਹੈ,ਜੇ ਇਹ ਮੀਟਿੰਗ ਬੇਸਿੱਟਾ ਰਹੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਮਹਿਲ ਕਲਾਂ ਦੇ ਟੌਲ ਪਲਾਜੇ ਅੱਗੇ ਪੱਕਾ ਕਿਸਾਨ ਮੋਰਚਾ ਜਾਰੀ ਹੈ। ਅੱਜ ਕਿਸਾਨ ਮੋਰਚੇ ਨੂੰ ਬੀਕੇਯੂ (ਡਕੌਂਦਾ) ਦੇ ਜਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ,ਜਗਰਾਜ ਸਿੰਘ ਹਰਦਾਸਪੁਰਾ, ਬੀਕੇਯੂ (ਕਾਦੀਆਂ) ਦੇ ਆਗੂ ਸ਼ਮਸ਼ੇਰ ਸਿੰਘ ਹੁੰਦਲ,ਜਮਹੂਰੀ ਕਿਸਾਨ ਸਭਾ ਦੇ ਅਮਰਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਹਰ ਹਾਲਤ ਵਿੱਚ 26,27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮੁੱਖ ਮਾਰਗ ‘ਤੇ ਰਿਲਾਇੰਸ ਪੰਪ ਅੱਗੇ ਪੱਕਾ ਮੋਰਚਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ।