ਮਨੋਜ ਸ਼ਰਮਾ
ਬਠਿੰਡਾ, 29 ਜਨਵਰੀ
ਕੋਟਫ਼ੱਤਾ ’ਚ ਬਲੀ ਦਿੱਤੇ ਗਏ ਦੋ ਮਾਸੂਮ ਦਲਿਤ ਭੈਣ-ਭਰਾ ਦੇ ਮਾਮਲੇ ’ਚ ਬਠਿੰਡਾ ਅਦਾਲਤ ਵਿਚ ਐਕਸ਼ਨ ਕਮੇਟੀ ਦੇ ਨੁਮਾਇੰਦੇ ਤੇ ਮੈਡੀਕਲ ਅਫ਼ਸਰ ਦੀ ਗਵਾਹੀ ਹੋਈ। ਪੰਜ ਸਾਲ ਪਹਿਲਾਂ ਵਾਪਰੇ ਇਸ ਦੂਹਰੇ ਕਤਲ ਕਾਂਡ ਦੀ ਅਗਲੀ ਸੁਣਵਾਈ ਹੁਣ ਅਗਾਮੀ 15 ਫਰਵਰੀ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 8 ਮਾਰਚ 2017 ਦੀ ਸ਼ਾਮ ਨੂੰ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਦੀ ਸ਼ਹਿ ’ਤੇ 4 ਸਾਲਾ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਢਾਈ ਸਾਲਾ ਭੈਣ ਅਨਾਮਿਕਾ ਕੌਰ ਦੀ ਬਲੀ ਦਿੱਤੀ ਗਈ ਸੀ। ਇਸ ਕਤਲ ਕਾਂਡ ’ਚ ਤਾਂਤਰਿਕ ਲੱਖੀ, ਅਮਨਦੀਪ ਕੌਰ, ਉਸ ਦੀ ਭੈਣ ਗਗਨਦੀਪ ਕੌਰ, ਬੱਚਿਆਂ ਦਾ ਪਿਤਾ ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਵੱਲੋਂ ਮੁੱਖ ਗਵਾਹ ਭਾਈ ਪਰਨਜੀਤ ਸਿੰਘ ਜੱਗੀਬਾਬਾ ਨੇ ਮੁਲਜ਼ਮਾਂ ਨੂੰ ਪਛਾਨਣ ਤੇ ਮੈਡੀਕਲ ਅਫ਼ਸਰ ਡਾ. ਮੈਡਮ ਅਨੁਪਮਾ ਸ਼ਰਮਾ ਨੇ ਆਪਣੇ ਬਿਆਨ ਅਦਾਲਤ ਵਿੱਚ ਕਰਵਾਏ। ਐਡੀਸ਼ਨ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਸੰਜੀਤਾ ਵੱਲੋਂ ਦੂਜੇ ਗਵਾਹਾਂ ਤੇ ਅਦਾਲਤੀ ਪ੍ਰੀਕਿਆ ਲਈ ਅਗਲੀ ਤਾਰੀਖ 15 ਫਰਵਰੀ ’ਤੇ ਰੱਖੀ ਗਈ। ਇਸ ਮੌਕੇ ਐਕਸ਼ਨ ਕਮੇਟੀ ਵੱਲੋਂ ਭਾਈ ਪਰਨਜੀਤ ਸਿੰਘ ਕੋਟਫੱਤਾ, ਬਲਜਿੰਦਰ ਸਿੰਘ ਕੋਟਭਾਰਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ (ਸੁਰਜੀਤ ਫੂਲ ਗਰੁੱਪ) ਵੱਲੋਂ ਸੁਰਜੀਤ ਸਿੰਘ ਭੁੱਚੋਂ, ਕਿਸਾਨ ਆਗੂ ਸੁਰਮੁੱਖ ਸਿੰਘ ਸੇਲਬਰਾਹ ਵੀ ਸ਼ਾਮਲ ਹੋਏ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਮੇਟੀ ਦੇ ਗਵਾਹਾਂ ’ਤੇ ਰਾਜਸੀ ਧਿਰ, ਪੁਲੀਸ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਦਬਾਅ ਬਣਾਇਆ ਗਿਆ ਪਰ ਇਸ ਦੇ ਬਾਵਜੂਦ ਉਹ ਅਡੋਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।