ਸ਼ਗਨ ਕਟਾਰੀਆ
ਬਠਿੰਡਾ, 6 ਜੂਨ
ਬਠਿੰਡਾ ਪੁਲੀਸ ਵੱਲੋਂ 2007 ’ਚ ਜੁਆਰੀਆਂ ਕੋਲੋਂ ਜੂਆ ਐਕਟ ਤਹਿਤ ਫੜੀ 3,95,890 ਰੁਪਏ ਦੀ ਨਕਦੀ ਮਾਲਖ਼ਾਨੇ ’ਚੋਂ ‘ਗਾਇਬ’ ਹੋਣ ਉੱਤੇ ਉਸ ਵਕਤ ਦੇ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਵਾਸੀ ਕਣਕਵਾਲ (ਜ਼ਿਲ੍ਹਾ ਬਠਿੰਡਾ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਨਕਦੀ ਥਾਣੇ ਦੇ ਮਾਲਖ਼ਾਨੇ ’ਚ ਜਮ੍ਹਾਂ ਕਰਵਾਉਣ ਦੀ ਬਜਾਏ ‘ਇੱਧਰ-ਉੱਧਰ’ ਕਰ ਦਿੱਤੀ ਗਈ।
ਗੌਰਤਲਬ ਹੈ ਕਿ ਜੂਆ ਖੇਡਣ ਦੇ ਦੋਸ਼ ’ਚ ਫੜੇ ਮੁਲਜ਼ਮ ਨੇ ਜ਼ਮਾਨਤ ’ਤੇ ਰਿਹਾਈ ਮਗਰੋਂ ਫੜੀ ਗਈ ਨਕਦੀ ਵਾਪਿਸ ਲੈਣ ਲਈ ਅਦਾਲਤ ਵਿੱਚ ਅਰਜ਼ੀ ਲਾਈ ਹੋਈ ਸੀ। ਅਦਾਲਤ ਨੇ ਅਰਜ਼ੀ ’ਤੇ ਸੁਣਵਾਈ ਦੌਰਾਨ ਮਾਲਖ਼ਾਨੇ ਦੇ ਇੰਚਾਰਜ ਨੂੰ ਨਕਦੀ ਅਦਾਲਤ ਰਾਹੀਂ ਵਾਪਸ ਕਰਨ ਲਈ ਕਿਹਾ ਤਾਂ ਇੰਚਾਰਜ ਨੇ ਅਜਿਹੀ ਕੋਈ ਵੀ ਨਕਦੀ ਉਸ ਕੋਲ ਜਮ੍ਹਾਂ ਨਾ ਹੋਣ ਦੀ ਗੱਲ ਆਖੀ।
ਇਸ ਪਿੱਛੋਂ ਅਦਾਲਤ ਨੇ ਉਸ ਵਕਤ ਦੇ ਤਫ਼ਤੀਸ਼ੀ ਪੁਲੀਸ ਅਧਿਕਾਰੀ (ਹੁਣ ਸੇਵਾਮੁਕਤ) ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿੱਚ ਬੁਲਾ ਕੇ ਪੁੱਛਿਆ ਫੜੀ ਨਕਦੀ ਮਾਲਖ਼ਾਨੇ ਵਿੱਚ ਜਮ੍ਹਾਂ ਕਿਉਂ ਨਹੀਂ ਕਰਵਾਈ ਤਾਂ ਉਸ ਦਾ ਜੁਆਬ ਸੀ ਕਿ ਉਸ ਨੇ 2007 ਵਿੱਚ ਹੀ ਮਾਲਖ਼ਾਨੇ ਦੇ ਮੁਨਸ਼ੀ ਜੋਗਿੰਦਰ ਸਿੰਘ ਕੋਲ ਰਕਮ ਜਮ੍ਹਾਂ ਕਰਵਾ ਦਿੱਤੀ ਸੀ ਪਰ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਰਾਸ਼ੀ ਬਾਰੇ ਹੁਣ ਉਸ ਨੂੰ ਕੋਈ ਜਾਣਕਾਰੀ ਨਹੀਂ।
ਅਦਾਲਤ ਨੇ ਇਸ ਨੂੰ ਲਾਪ੍ਰਵਾਹੀ ਦਾ ਮਾਮਲਾ ਮੰਨਦਿਆਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਪੁਲੀਸ ਨੇ ਅਦਾਲਤੀ ਹੁਕਮਾਂ ਦੀ ਰੌਸ਼ਨੀ ’ਚ ਸੇਵਾਮੁਕਤ ਸਬ-ਇੰਸਪੈਕਟਰ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।