ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਫ਼ਰਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਵਿੱਚ ਰੋਜ਼ ਗਾਰਡਨ ਤੋਂ ਤਿੰਨਕੋਨੀ, ਅਮਰੀਕ ਸਿੰਘ ਰੋਡ, ਮਾਲ ਰੋਡ, ਫੌਜੀ ਚੌਕ, 100 ਫੁੱਟੀ ਰੋਡ, ਬੀਬੀ ਵਾਲਾ ਰੋਡ, ਭਾਗੂ ਰੋਡ ਤੋਂ ਲੈ ਕੇ ਮਾਡਲ ਟਾਊਨ ਫੇਜ਼-1 ਵਿਚ ਹੋਣ ਵਾਲੀ ਰੈਲੀ ਤੱਕ ਰੋਡ ਸ਼ੋਅ ਕੀਤਾ।
ਇਸ ਮੌਕੇ ਸ਼ਹਿਰ ਵਾਸੀਆਂ ਤੇ ਵਪਾਰੀਆਂ ਦੇ ਇਕੱਠ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ। ਸ੍ਰੀ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਦੂਸਰੀ ਵਾਰ ਦਿੱਤੇ ਜਾ ਰਹੇ ਪਿਆਰ ਨੂੰ ਉਹ ਸਿਰ ਮੱਥੇ ਮੰਨਦੇ ਹਨ। ਇਸ ਕਰਜ਼ ਨੂੰ ਕਦੇ ਨਹੀਂ ਉਤਾਰਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿੱਤਣ ਉਪਰੰਤ ਹਰ ਘਰ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਹੋਰ ਯਤਨ ਕੀਤੇ ਜਾਣਗੇ ਤੇ ਵਿਕਾਸ ਲਹਿਰ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸੂਬੇ ਵਿੱਚ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਾਈ ਜਾਵੇ।
ਚੰਨੀ ਨੇ ਮਨਪ੍ਰੀਤ ਬਾਦਲ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਮਾਡਲ ਟਾਊਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਿੱਠ ਥਾਪੜਦਿਆਂ ਤਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਰਗਾ ਖਜ਼ਾਨਾ ਮੰਤਰੀ ਹੋਰ ਕੋਈ ਨਹੀਂ ਬਣ ਸਕਦਾ ਜਿਸ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਅਤੇ ਪੰਜਾਬ ਵਾਸੀਆਂ ਨੂੰ ਰਾਹਤਾਂ ਦੇਣ ਵਿੱਚ ਸਰਕਾਰ ਦੀ ਮਦਦ ਕੀਤੀ। ਇਸ ਮੌਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਰ ਪਰਿਵਾਰ ਦੀ ਖੁਸ਼ਹਾਲੀ ਮੇਰਾ ਫਰਜ਼ ਹੈ।