ਬਠਿੰਡਾ (ਮਨੋਜ ਸ਼ਰਮਾ):
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਅੱਜ ਇੱਥੇ ਪਹੁੰਚ ਕੇ ਜ਼ਿਲ੍ਹੇ ਅੰਦਰ ਕਰੋਨਾ ਮਹਾਮਾਰੀ ਦੇ ਫ਼ੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਬਚਾਉਣ ’ਚ ਜੁਟੇ ਸਿਹਤ ਵਿਭਾਗ ਤੇ ਪ੍ਰਾਈਵੇਟ ਡਾਕਟਰਾਂ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਕਰੋਨਾ ਮਰੀਜ਼ਾਂ ਦੀ ਪਛਾਣ ਕੀਤੀ ਜਾਵੇ ਤਾਂ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਡਾਕਟਰਾਂ ਨੂੰ ਖ਼ਾਸ ਅਪੀਲ ਕੀਤੀ ਕਿ ਉਹ ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਮੌਕੇ ਭਾਵੁਕ ਨਾ ਹੋਣ ਸਗੋਂ ਪੂਰੀ ਸਮਝਦਾਰੀ, ਜ਼ਿੰਮੇਵਾਰੀ ਤੇ ਹੌਸਲੇ ਨਾਲ ਇਲਾਜ ਕਰਨ। ਇਸ ਮੌਕੇ ਡੀ.ਐਮ.ਸੀ. ਲੁਧਿਆਣਾ ਦੇ ਡਾ. ਵਿਸ਼ਵ ਮੋਹਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਭੰਬਲਭੂਸੇ ਵਿੱਚ ਨਾ ਪੈਣ। ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਡਾ. ਆਰ.ਪੀ.ਐਸ. ਸਬਿੀਆ ਨੇ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮਗਰੋਂ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਰੋਨਾ ਰੋਕਥਾਮ ਵਿੱਚ ਲੱਗੇ ਜ਼ਿਲ੍ਹਾ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਤੇ ਕਰੋਨਾ ਸੈੱਲ ਇੰਚਾਰਜਾਂ ਨਾਲ ਵੱਖਰੀ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਿਸ਼ਨ ਫ਼ਤਿਹ ਕਿੱਟ ਕਰੋਨਾ ਪਾਜ਼ੇਟਿਵ ਮਰੀਜ਼ ਨੂੰ ਮੌਕੇ ’ਤੇ ਮੁਹੱਈਆ ਕਰਵਾਈ ਜਾਵੇ।