ਪੱਤਰ ਪ੍ਰੇਰਕ
ਬਠਿੰਡਾ, 27 ਦਸੰਬਰ
ਦਸੰਬਰ ਮਹੀਨਾ ਦੇ ਅੰਤ ਵਿੱਚ ਸੂਰਜ ਦੇਵਤਾ ਦੇ ਦਰਸ਼ਨ ਹੋਣ ਤੋਂ ਬਾਅਦ ਅੱਜ ਪੰਜਾਬ ਵਾਸੀ ਠੰਢ ਨਾਲ ਠਰੂੰ ਠਰੂੰ ਕਰਦੇ ਰਹੇ। ਬਾਅਦ ਦੁਪਹਿਰ ਬਦਲੇ ਮੌਸਮ ਅਤੇ ਤੇਜ਼ ਰਫ਼ਤਾਰ ਹਵਾਵਾਂ ਕਾਰਨ ਬਠਿੰਡਾ ਦੀ ਠੰਢੀ ਸ਼ਾਮ ਨੇ ਹਿਮਾਚਲ ਦੀਆਂ ਵਾਦੀਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਅਤੇ ਲੋਕ ਅੰਗੀਠੀਆਂ ਬਾਲ ਕੇ ਅੱਗ ਸੇਕਦੇ ਰਹੇ। ਉੱਧਰ, ਖੇਤੀ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਪੈ ਰਹੀ ਧੁੰਦ ਕਣਕ ਦੀ ਫ਼ਸਲਾਂ ਲਈ ਘਿਉ ਦਾ ਕੰਮ ਕਰ ਰਹੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਧੁੰਦ ਕਣਕ ਲਈ ਬੇਹੱਦ ਲਾਹੇਵੰਦ ਹੈ ਤੇ ਠੰਢ ਦੇ ਮੌਸਮ ਵਿੱਚ ਕਣਕ ਨੂੰ ਫਟਾਰਾ ਵੀ ਮਿਲਦਾ ਹੈ। ਅੱਜ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਘੱਟ ਤੋਂ ਘੱਟ 3.6 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਤੇ ਦੁਪਹਿਰ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
ਸ਼ਹਿਣਾ (ਪੱਤਰ ਪ੍ਰੇਰਕ) ਸ਼ਹਿਣਾ ਇਲਾਕੇ ਵਿੱਚ ਚੱਲੀ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਅਤੇ ਲੋਕ ਇਸ ਠੰਢ ਕਾਰਨ ਅੱਗ ਛੇਕਣ ਲਈ ਮਜਬੂਰ ਹੋ ਗਏ ਹਨ। ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਠੰਢ ਕਾਰਨ ਬਾਜ਼ਾਰਾਂ ਵਿੱਚ ਗਾਹਕ ਵੀ ਘੱਟ ਗਿਆ ਹੈ।