ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਸਤੰਬਰ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਪਿਛਲੇ ਦਿਨੀਂ ਬਠਿੰਡਾ ’ਚ ਨਵੇਂ ਬੱਸ ਦੀ ਉਸਾਰੀ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਬਾਰੇ ਚੱਲ ਰਹੀ ਚਰਚਾ ਦਾ ਨੋਟਿਸ ਲੈਂਦਿਆਂ ਇਨ੍ਹਾਂ ਨੂੰ ਖ਼ਿਆਲੀ ਕਿਆਫ਼ੇ ਕਰਾਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਸ਼ਰਾਰਤੀ ਅਨਸਰਾਂ ਅਤੇ ਖਾਸ ਤੌਰ ’ਤੇ ਪ੍ਰਾਪਰਟੀ ਡੀਲਰਾਂ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਉਹ ਨਵੇਂ ਬੱਸ ਸਟੈਂਡ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫ਼ੈਲਾਉਣ ਤੋਂ ਗੁਰੇਜ਼ ਕਰਨ ਵਰਨਾ , ਉਨ੍ਹਾਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਪਰੇ ਨੇ ਸ਼ਹਿਰ ਅੰਦਰ ਬਣਨ ਵਾਲੇ ਨਵੇਂ ਬੱਸ ਸਟੈਂਡ ਸਬੰਧੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫ਼ੈਲਾਈਆਂ ਜਾਣ ਵਾਲੀਆਂ ਝੂਠੀਆਂ ਅਫ਼ਵਾਹਾਂ ਤੋਂ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਨਵੇਂ ਬਣਨ ਵਾਲੇ ਬੱਸ ਸਟੈਂਡ ਲਈ ਢੁੱਕਵੇਂ ਸਥਾਨ ਦੀ ਚੋਣ ਫ਼ਿਲਹਾਲ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ’ਚ ਥਾਣਾ ਕੈਂਟ ਨੇੜੇ ਪਟੇਲ ਨਗਰ ਵਿੱਚ ਨਵਾਂ ਬੱਸ ਸਟੈਂਡ ਬਣਨਾ ਸੀ ਅਤੇ ਉਸ ਲਈ ਫੌਜ ਵਲੋਂ ਇਤਰਾਜਹੀਣਤਾ ਸਰਟੀਫ਼ਿਕੇਟ ਵੀ ਮਿਲ ਚੁੱਕਾ ਹੈ ਪਰ ਰੱਖਿਆ ਮੰਤਰਾਲੇ ਵੱਲੋਂ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮਲੋਟ ਰੋਡ ’ਤੇ ਬੰਦ ਹੋਏ ਥਰਮਲ ਪਲਾਂਟ ਵਾਲੀ ਜਗ੍ਹਾ ’ਤੇ ਸਰਕਾਰ ਵੱਲੋਂ ਜੋ ਨਵਾਂ ਬੱਸ ਸਟੈਂਡ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ ਫਿਲਹਾਲ ਉਹ ਵੀ ਵਿਚਾਰ ਅਧੀਨ ਹੈ।