ਸ਼ਗਨ ਕਟਾਰੀਆ
ਬਠਿੰਡਾ, 1 ਨਵੰਬਰ
ਮੁੱਖ ਅੰਸ਼
- ਥਰਮਲ ਪਲਾਂਟਾਂ ਦੇ ਮੁੱਖ ਗੇਟ ਕੀਤੇ ਜਾਮ; ਵਾਹਨਾਂ ਦੀਆਂ ਲੱਗੀਆਂ ਕਤਾਰਾਂ
- ਨਵੀਂ ਭਰਤੀ ਤੋਂ ਪਹਿਲਾਂ ਕੱਚੇ ਕਾਮਿਆਂ ਨੂੰ ਪੱਕਾ ਕਰਨ ’ਤੇ ਜ਼ੋਰ
ਕੱਚੇ ਬਿਜਲੀ ਕਾਮਿਆਂ ਨੇ ਅੱਜ ਇੱਥੇ ਬੰਦ ਪਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਗੇਟ ’ਤੇ ਜ਼ੋਨਲ ਚੀਫ਼ ਖ਼ਿਲਾਫ਼ ਰੋਸ ਧਰਨਾ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਪਾਵਰਕੌਮ ’ਚ ਨਵੇਂ ਕਰਮਚਾਰੀਆਂ ਦੀ ਭਾਵੇਂ ਭਰਤੀ ਕਰੇ ਪਰ ਪਹਿਲਾਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਛਾਂਟਣ ਦੀ ਬਜਾਏ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕਰੇ।
ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕੂਚਅਲ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਹੋਏ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਨਵੀਨਰ ਗੁਰਵਿੰਦਰ ਪਨੂੰ ਅਤੇ ਜਨਰਲ ਸਕੱਤਰ ਖ਼ੁਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਾਵਰਕੌਮ ’ਚ ਦੋ ਹਜ਼ਾਰ ਨਵੇਂ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ’ਚ ਪਹਿਲਾਂ ਤੋਂ ਕੰਮ ਕਰ ਰਹੇ ਆਊਟਸੋਰਸਿਡ ਕਾਮਿਆਂ ’ਤੇ ਛਾਂਟੀ ਦੀ ਤਲਵਾਰ ਲਟਕਣ ਦਾ ਖ਼ਦਸ਼ਾ ਹੈ। ਉਨ੍ਹਾਂ ਮੁਤਾਬਿਕ ਅਜਿਹੇ ਕੱਚੇ ਕਰਮਚਾਰੀਆਂ ਨੂੰ ਲੰਮੇ ਸਮੇਂ ਦੇ ਕੰਮ ਦਾ ਅਭਿਆਸ ਹੈ ਅਤੇ ਸਰਕਾਰ ਨੂੰ ਇਸ ਤਜ਼ਰਬੇ ਦਾ ਲਾਹਾ ਕੱਚੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰ ਕੇ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਤੋਂ ਲੈ ਕੇ ਕੱਚੇ ਕਾਮੇ, ਪੱਕੇ ਹੋਣ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਕਿਸੇ ਵੀ ਹਕੂਮਤ ਨੇ ਉਨ੍ਹਾਂ ਦੀ ਮੰਗ ਪ੍ਰਵਾਨ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਜੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹਜ਼ਾਰਾਂ ਕਰਮਚਾਰੀ ਪਰਿਵਾਰਾਂ ਸਮੇਤ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਧਰਨੇ ਨੂੰ ਬਿਜਲੀ ਕਰਮਚਾਰੀਆਂ ਦੇ ਆਗੂ ਮਲਕੀਤ ਸਿੰਘ, ਚੰਦਰ ਸ਼ਰਮਾ, ਕਰਮਜੀਤ ਦਿਓਣ, ਇਕਬਾਲ ਪੂਹਲਾ, ਜਗਜੀਤ, ਗਗਨਦੀਪ ਸਮੇਤ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਭਰਾਤਰੀ ਸੰਗਠਨਾਂ ਵੱਲੋਂ ਇਸ ਵਿੱਚ ਸ਼ਮੂਲੀਅਤ ਕੀਤੀ ਗਈ।
ਭੁੱਚੋ ਮੰਡੀ (ਪਵਨ ਗੋਇਲ): ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਨੇ ਪਾਵਰਕੌਮ ਵੱਲੋਂ ਸਿੱਧੀ ਭਰਤੀ ਕਰਨ ਦੇ ਵਿਰੋਧ ਵਿੱਚ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਮੁੱਖ ਗੇਟ ਜਾਮ ਕਰ ਦਿੱਤਾ। ਇਸ ਵਿੱਚ ਠੇਕਾ ਮੁਲਾਜ਼ਮਾਂ ਦੇ ਬੱਚਿਆਂ ਸਣੇ ਸ਼ਾਮਲ ਹੋਏ। ਉਨ੍ਹਾਂ ਪਾਵਰਕੌਮ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਜਾਮ ਸਵੇਰੇ 6:30 ਵਜੇ ਸ਼ੁਰੂ ਹੋਇਆ, ਜੋ ਸ਼ਾਮ ਦੇ ਚਾਰ ਵਜੇ ਤੱਕ ਜਾਰੀ ਸੀ। ਇਸ ਨਾਲ ਥਰਮਲ ਪਲਾਂਟ ਵਿੱਚ ਜਾਣ ਵਾਲੇ ਵਾਹਨਾਂ ਦੀਆਂ ਧਰਨੇ ਕੋਲ ਲਾਈਨਾਂ ਲੱਗ ਗਈਆਂ।
ਇਸ ਮੌਕੇ ਪ੍ਰਧਾਨ ਜਗਰੂਪ ਸਿੰਘ, ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਅਤੇ ਬਾਦਲ ਸਿੰਘ ਭੁੱਲਰ ਨੇ ਕਿਹਾ ਕਿ ਪੀਐੱਸਪੀਸੀਐੱਲ ਮੈਨੇਜਮੈਂਟ ਵੱਲੋਂ 2000 ਸਹਾਇਕ ਲਾਇਨਮੈਨਾਂ ਦੀ ਬਾਹਰੋਂ ਸਿੱਧੀ ਨਵੀਂ ਭਰਤੀ ਕਰਕੇ ਠੇਕਾ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। ਇਸ ਮੌਕੇ ਠੇਕਾ ਮੁਲਾਜ਼ਮ ਯੂਨੀਅਨ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਪ੍ਰਧਾਨ ਜਸਵੀਰ ਸਿੰਘ, ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਗੂ ਲਛਮਣ ਸਿੰਘ, ਸਤਨਾਮ ਸਿੰਘ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।