ਮਨੋਜ ਸ਼ਰਮਾ
ਬਠਿੰਡਾ, 22 ਸਤੰਬਰ
ਝੋਨੇ ਦੀਆਂ ਵਾਢੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਮਗਰੋਂ ਕਿਸਾਨ ਕਣਕ ਦੀ ਬਿਜਾਈ ਸ਼ੁਰੂ ਕਰਨਗੇ। ਅੰਨਦਾਤੇ ਨੂੰ ਹਰ ਸਾਲ ਫਸਲ ਬਚਾਉਣ ਲਈ ਚੂਹਿਆਂ ਨਾਲ ਟਾਕਰਾ ਕਰਨਾ ਪੈਂਦਾ ਹੈ। ਖੇਤੀਬਾੜੀ ਵਿਭਾਗ ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਚੂਹੇ ਮਾਰ ਦਵਾਈ ਵੰਡਣ ਤੋਂ ਕੰਨੀ ਕਤਰਾ ਰਿਹਾ ਹੈ। ਕਿਸਾਨਾਂ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਚੂਹਿਆਂ ਦੀ ਧਾੜ ਹਰ ਸਾਲ ਕਣਕ ਸਣੇ ਹੋਰਨਾਂ ਫਸਲਾਂ ਨੂੰ ਬਰਬਾਦ ਕਰ ਦਿੰਦੀ ਹੈ।
ਪਿੰਡ ਲੱਖੀ ਜੰਗਲ ਦੇ ਕਿਸਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਚੂਹੇ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਮੌਕੇ ਫ਼ਸਲ ਦਾ ਨੁਕਸਾਨ ਕਰਦੇ ਹਨ, ਉੱਥੇ ਬਾਸਮਤੀ ਚੋਲਾਂ ਦੀ ਫ਼ਸਲ ਨੂੰ ਵੀ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਖਾਸਕਰ ਉਥੇ ਜਿਥੇ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਸਾੜਨ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਖੇਤੀ ਮਹਿਕਮੇ ਮੁਤਾਬਿਕ ਝੋਨੇ ਦੀ ਪਰਾਲੀ ਖੇਤਾਂ ਵਿਚ ਹੀ ਸਮੇਟਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ ਵਾਲੇ ਖੇਤਾਂ ਵਿੱਚ ਚੂਹੇ ਹੋਰ ਵੀ ਨੁਕਸਾਨ ਕਰਦੇ ਹਨ।
ਪੀਏਯੂ ਦੀ ਪ੍ਰੋਫੈਸਰ ਨੀਨਾ ਸਿੰਗਲਾ ਦਾ ਕਹਿਣਾ ਹੈ ਚੂਹੇ ਕਣਕ ਦਾ ਨੁਕਸਾਨ ਤਾਂ ਕਰਦੇ ਹੀ ਹਨ, ਉੱਥੇ ਕਮਾਦ ਦੀ ਫ਼ਸਲ ਨੂੰ ਵੀ 15 ਤੋਂ 20 ਫੀਸਦ ਤਕ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਉਨ੍ਹਾਂ ਖੇਤਾਂ ਵਿੱਚ ਪੈਂਦੀ ਹੈ ਜੋ ਸੂਏ ਦੀ ਪਟੜੀਆਂ, ਰੇਲਵੇ ਲਾਈਨਾਂ ਤੇ ਸੜਕਾਂ ਨਜ਼ਦੀਕ ਹੁੰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਬਿਜਾਈ ਮੌਕੇ ਚੂਹੇ ਮਾਰ ਦਵਾਈ ਪਾਉਣ ਦਾ ਕੰਮ ਨਬੇੜ ਦਿੱਤਾ ਜਾਵੇ ਤਾਂ ਹੋਰ ਵੀ ਚੰਗਾ ਹੈ।
ਚੂਹੇ ਮਾਰ ਦਵਾਈ ਲਈ ਫ਼ੰਡ ਨਹੀਂ: ਮੁੱਖ ਖੇਤੀਬਾੜੀ ਅਫ਼ਸਰ
ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਚੂਹੇ ਮਾਰ ਦਵਾਈ ਲਈ ਪਹਿਲਾਂ ਬਕਾਇਦਾ ਫੰਡ ਮਿਲਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਕੁਝ ਸਾਲਾਂ ਤੋਂ ਫ਼ੰਡ ਰੁਕਣ ਕਾਰਨ ਸਮੱਸਿਆ ਆਈ ਹੈ ਫਿਰ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।