ਮਨੋਜ ਸ਼ਰਮਾ
ਬਠਿੰਡਾ, 15 ਜੂਨ
ਪਿੰਡ ਗੁਰਨੇ ਕਲਾਂ ਦੀ ਸੋਨ ਤਗਮਾ ਜੇਤੂ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਆਪਣੇ ਪਰਿਵਾਰ ਨਾਲ ਝੋਨੇ ਲਗਾਉਂਦੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀ ਦੇਖ ਅੱਜ ਉਤਰ ਪ੍ਰਦੇਸ਼ ਦੇ ਸਾਬਕਾ ਜੇਲ੍ਹ ਮੰਤਰੀ ਅਤੇ ਲੋਕ ਭਲਾਈ ਪਾਰਟੀ ਪੰਜਾਬ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਉਸਦੇ ਜੱਦੀ ਪਿੰਡ ਗੁਰਨੇ ਕਲਾਂ ਪਹੁੰਚੇ। ਰਾਮੂਵਾਲੀਆ ਨੇ ਖਿਡਾਰਨ ਦੇ ਪਿਤਾ ਨਾਇਬ ਸਿੰਘ ਨਾਲ ਗੱਲਬਾਤ ਕੀਤੀ ਅਤੇ ਹਰਦੀਪ ਕੌਰ ਨੂੰ 5 ਲੱਖ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੌਕੇ ’ਤੇ ਪਰਿਵਾਰ ਨੂੰ ਇੱਕ ਲੱਖ ਰੁਪਏ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਦੀਆਂ ਖੇਡਾਂ ਵਿਚ ਪ੍ਰਾਪਤੀਆਂ ਅਤੇ ਵਿੱਦਿਅਕ ਯੋਗਤਾ ਨੂੰ ਦੇਖਦੇ ਹੋਏ ਡੀਐੱਸਪੀ ਭਰਤੀ ਕਰਨ ਦੀ ਮੰਗ ਕੀਤੀ। ਰਾਮੂਵਾਲੀਆ ਨੇ ਐਲਾਨ ਕੀਤਾ ਕਿ 25 ਜੂਨ ਨੂੰ ਉਹ ਹਰਦੀਪ ਕੌਰ ਨੂੰ ਬਾਕੀ ਬਚਦੀ 4 ਲੱਖ ਦੀ ਰਾਸ਼ੀ ਦੋਰਾਹਾ ਵਿੱਚ ਦੇਣਗੇ। ਉਨ੍ਹਾਂ ਨੇ ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ ਤੇ ਸਿਆਸੀ ਟਿੱਪਣੀ ਕਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਨੰਨ੍ਹੀ ਛਾਂ ਕੋਈ ਅੱਕ ਜਾਂ ਅਰਿੰਡ ਦੀ ਛਾਂ ਹੀ ਹੋ ਸਕਦੀ ਹੈ। ਹਰਦੀਪ ਕੌਰ ਨੂੰ ਨੰਨ੍ਹੀ ਛਾਂ ਕਹਿੰਦੇ ਰਾਮੂਵਾਲੀਆ ਨੇ ਗਲਵੱਕੜੀ ਵਿਚ ਲੈਂਦਿਆਂ ਕਿਹਾ ਕਿ ਹਰਦੀਪ ਕੌਰ ਦੀ ਚੀਮਾ ਮੰਡੀ ਦੇ ਨਿੱਜੀ ਕਾਨਵੈਂਟ ਸਕੂਲ ਵਿਚ ਨੌਕਰੀ ਪੱਕੀ ਕਰਵਾ ਦਿੱਤੀ ਅਤੇ ਆਉਣ ਵਾਲੇ 6 ਮਹੀਨਿਆਂ ਦੌਰਾਨ ਦੇਸ਼ ਵਿਦੇਸ਼ ਵਿਚ ਵਸੇ ਪੰਜਾਬੀਆਂ ਦੀ ਮਦਦ ਨਾਲ ਉਹ ਹਰਦੀਪ ਕੌਰ ਦੇ ਪਰਿਵਾਰ ਲਈ ਇੱਕ ਪੱਕੇ ਘਰ ਦਾ ਨਿਰਮਾਣ ਕਰਵਾ ਕੇ ਦੇਣਗੇ।
ਜ਼ਿਕਰਯੋਗ ਹੈ ਕਿ ਹਰਦੀਪ ਕੌਰ ਦੀ ਵਿੱਦਿਅਕ ਯੋਗਤਾ ਬੀਐੱਸਸੀ ਹੈ ਅਤੇ ਦੇਸ ਵਿਦੇਸ਼ ਵਿਚ ਖੇਡਦੇ ਹੋਏ 20 ਦੇ ਕਰੀਬ ਤਗਮੇ ਹਾਸਿਲ ਕਰ ਚੁੱਕੀ ਹੈ।