ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਜੂਨ
ਪਿਛਲੇ ਦੋ ਦਿਨਾਂ ਤੋਂ ਝੂਲ ਰਹੇ ਝੱਖੜ ਨੇ ਭਾਵੇਂ ਕਿ ਗਰਮੀ ਤੋਂ ਤਾਂ ਰਾਹਤ ਦੇ ਦਿੱਤੀ ਹੈ ਪਰ ਮੁਸੀਬਤਾਂ ਦਾ ਪਹਾੜ ਵੀ ਖੜ੍ਹਾ ਕਰ ਦਿੱਤਾ ਹੈ। ਖੇਤਾਂ ’ਚ ਝੋਨੇ ਦੀ ਬਿਜਾਈ ਰੁਕ ਗਈ ਹੈ। ਸ਼ਹਿਰਾਂ ਵਿਚ ਤਾਂ ਜਨ ਜੀਵਨ ਅਸਲੋਂ ਹੀ ਅਸਤ-ਵਿਅਸਤ ਹੋ ਗਿਆ। ਬਹੁਤ ਸਾਰੇ ਦਰੱਖਤ ਟੁੱਟ ਗਏ ਜਿਸ ਨਾਲ ਕਈ ਮਕਾਨਾਂ ਨੂੰ ਵੀ ਨੁਕਸਾਨ ਪੁੱਜਿਆ। ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ ਹੈ। ਗੋਨੇਆਣਾ ਰੋਡ ’ਤੇ ਜਨ ਸਿਹਤ ਵਿਭਾਗ ਨੇ ਸਿਰਫ ਤਿੰਨ ਦਿਨਾਂ ਲਈ ਪੁੱਟੀ ਖਾਈ ਦੋ ਮਹੀਨੇ ਬਾਅਦ ਵੀ ਬੰਦ ਨਹੀਂ ਕੀਤੀ ਜਿਸ ਕਰ ਕੇ ਪਾਣੀ ਭਰਨ ਲਈ ਪਸ਼ੂ ਤੇ ਵਾਹਨ ਇਸ ਖਾਈ ਵਿੱਚ ਡਿੱਗ ਗਏ। ਖਾਲਸਾ ਸਕੂਲ ਰੋਡ, ਗਾਂਧੀ ਚੌਕ, ਨਹਿਰੂ ਚੌਕ, ਬੈਂਕ ਰੋਡ, ਕੋਟਲੀ ਰੋਡ ਤੇ ਫਾਟਕੋ ਪਾਰ ਦੇ ਇਲਾਕਾ ਪਾਣੀ ਵਿੱਚ ਡੁੱਬ ਗਿਆ। ਤਾਲਾਬੰਦੀ ਕਰ ਕੇ ਬਾਜ਼ਾਰ ਤਾਂ ਬੰਦ ਸੀ ਪਰ ਦੁਕਾਨਦਾਰ ਆਪਣੀਆਂ ਦੁਕਾਨਾਂ ’ਚ ਵੜੇ ਪਾਣੀ ਨੂੰ ਕੱਢਣ ਲੱਗੇ ਹੋਏ ਸਨ। ਇਸ ਦੌਰਾਨ ਗਲੀਆਂ ’ਚ ਲੱਗੇ ਗੰਦਗੀ ਦੇ ਢੇਰਾਂ ਨੇ ਮੁਸੀਬਤ ਹੋਰ ਵਧਾ ਦਿੱਤੀ। ਪਾਣੀ ਕਾਰਨ ਇਹ ਕੂੜਾ ਰੁੜ੍ਹ ਕੇ ਘਰਾਂ ਵਿੱਚ ਵੜ ਗਿਆ ਤੇ ਸੀਵਰੇਜ ਵੀ ਜਾਮ ਹੋ ਗਿਆ। ਬਦਬੂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਸੀਵਰੇਜ ਦੀ ਸਫਾਈ ਅਤੇ ਕੂੜੇ ਦੀ ਸਫਾਈ ਦਾ ਢੁਕਵਾਂ ਪ੍ਰਬੰਧ ਕਰੇ।
ਮਲੋਟ (ਲਖਵਿੰਦਰ ਸਿੰਘ ਬਰਾੜ): ਇੱਥੇ ਅੱਜ ਪਏ ਮੀਂਹ ਦੌਰਾਨ ਵਾਰਡ ਨੰਬਰ-7, ਮਹਾਵੀਰ ਨਗਰ ਵਿਚ ਇਕ ਮਜ਼ਦੂਰ ਸੰਜੀਵ ਕੁਮਾਰ ਪੁੱਤਰ ਪੂਰਨ ਚੰਦ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਘਟਨਾ ਮੌਕੇ ਸਾਰਾ ਪਰਿਵਾਰ ਕੰਮ ’ਤੇ ਗਿਆ ਹੋਇਆ ਸੀ ਪਰ ਇਕ ਲੜਕਾ ਘਰ ਵਿੱਚ ਮੌਜੂਦ ਸੀ ਜੋ ਛੱਤ ਤੋਂ ਮਿੱਟੀ ਡਿਗਦਿਆਂ ਹੀ ਭੱਜ ਕੇ ਬਾਹਰ ਆ ਗਿਆ ਅਤੇ ਪਿੱਛੋਂ ਛੱਤ ਡਿੱਗ ਗਈ। ਨੇੜੇ ਰਹਿੰਦੇ ਵਿਅਕਤੀ ਰਾਜ ਕੁਮਾਰ ਨੇ ਦੱਸਿਆ ਕਿ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ।
ਬੋਹਾ (ਪੱਤਰ ਪ੍ਰੇਰਕ): ਬੀਤੀ ਰਾਤ ਪਏ ਭਾਰੀ ਮੀਂਹ ਤੇ ਤੂਫਾਨ ਨੇ ਬੋਹਾ ਖੇਤਰ ਲੱਖਾਂ ਰੁਪਏ ਦਾ ਨੁਕਸਾਨ ਵੀ ਕੀਤਾ ਹੈ। ਤੂਫਾਨ ਨਾਲ ਜਿੱਥੇ ਬਿਜਲੀ ਦੇ ਵੱਡੀ ਗਿਣਤੀ ਖੰਭੇ ਡਿੱਗਣ ਕਾਰਨ ਸਾਰੇ ਖੇਤਰ ਦੀ ਬਿਜਲੀ ਬੰਦ ਰਹੀ ਉੱਥੇ ਹੀ ਦਰੱਖਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਨਾਲ ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਆਦਰਸ਼ ਸਕੂਲ ਬੋਹਾ ਦੀ ਚਾਰਦੀਵਾਰੀ ਡਿੱਗ ਗਈ।
ਬਰੇਟਾ (ਪੱਤਰ ਪ੍ਰੇਰਕ): ਬੀਤੇ ਦਿਨ ਸ਼ਾਮ ਵੇਲੇ ਝੂਲੇ ਝੱਖੜ ਤੇ ਮੀਂਹ ਨਾਲ ਇਲਾਕੇ ਵਿਚ ਕਾਫੀ ਦਰੱਖਤ ਟੁੱਟ ਗਏ ਅਤੇ ਹੋਰ ਨੁਕਸਾਨ ਹੋਇਆ। ਇਸ ਦੌਰਾਨ ਪਾਵਰਕੌਮ ਉਪ ਮੰਡਲ ਬਰੇਟਾ ਅਧੀਨ ਪੈਂਦੇ ਪਿੰਡ ਕਾਹਨਗੜ੍ਹ, ਜੁਗਲਾਨ, ਬਰੇਟਾ, ਜਲਵੇੜਾ, ਸੰਘਰੇੜੀ, ਸਿਰਸੀਵਾਲਾ, ਕੁਲਰੀਆਂ ਆਦਿ ਵਿੱਚ 135 ਤੋਂ 140 ਤੱਕ ਖੰਭੇ ਟੁੱਟਣ ’ਤੇ 30-35 ਟਰਾਸਫਾਰਮਰ ਡਿੱਗ ਗਏ। ਪਾਉਪ ਮੰਡਲ ਬਰੇਟਾ ਦੇ ਸਹਾਇਕ ਕਾਰਜਕਾਰੀ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਇੱਥੇ ਮੀਂਹ ਤੋਂ ਪਹਿਲਾਂ ਆਏ ਤੇਜ਼ ਝੱਖੜ ਨਾਲ ਬੱਸ ਸਟੈਂਡ ਰੋਡ ’ਤੇ ਚਾਰ ਖੱਚਰ ਰੇਹੜੀ ਵਾਲੇ ਜ਼ਖ਼ਮੀ ਹੋ ਗਏ। ਇਨ੍ਹਾਂ ਚਾਰੋਂ ਵਿੱਚੋਂ ਇੱਕ ਨੇ ਸਿਰਸਾ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਅਨਾਜ ਮੰਡੀ ’ਚ ਰੇਹੜੀ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਇਹ ਲੋਕ ਅਨਾਜ ਮੰਡੀ ਦੇ ਗੇਟ ਦੇ ਸਾਹਮਣੇ ਇੱਕ ਖੋਖੇ ’ਤੇ ਚਾਹ ਪੀ ਰਹੇ ਸਨ। ਇਸ ਦੌਰਾਨ ਉਨ੍ਹਾਂ ਉੱਪਰ ਉਸਾਰੀ ਅਧੀਨ ਦੁਕਾਨ ਦੀ ਉਪਰਲੀ ਮੰਜ਼ਿਲ ਦੀ ਕੰਧ ਡਿੱਗ ਗਈ।
ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਮੰਡੀ ਦੀਆਂ ਸੜਕਾਂ ’ਤੇ ਥਾਂ-ਥਾਂ ਪਾਣੀ ਭਰ ਗਿਆ ਜਿਸ ਨਾਲ ਨਗਰ ਕੌਂਸਲ ਅਤੇ ਜਨ ਸਿਹਤ ਵਿਭਾਗ ਦੀ ਪੋਲ ਖੁੱਲ੍ਹ ਗਈ। ਮੀਂਹ ਨਾਲ ਅਨਾਜ ਮੰਡੀ, ਬੱਸ ਸਟੈਂਡ, ਆਰਾ ਰੋਡ, ਪੰਜਾਬ ਬੱਸ ਸਟੈਂਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ, ਟੈਲੀਫੋਨ ਐਕਸਚੇਂਜ ਵਾਲੀ ਗਲੀ ਆਦਿ ਥਾਵਾਂ ’ਤੇ ਪਾਣੀ ਭਰ ਜਾਣ ਨਾਲ ਆਮ ਲੋਕਾਂ ਨੂੰ ਆਉਣ-ਜਾਣ ’ਚ ਭਾਰੀ ਪ੍ਰੇਸ਼ਾਨੀ ਹੋਈ।
ਲੰਬੀ (ਇਕਬਾਲ ਸਿੰਘ ਸ਼ਾਂਤ): ਬੀਤੀ ਸ਼ਾਮ ਇਲਾਕੇ ਵਿਚ ਪਏ ਮੀਂਹ ਤੇ ਝੱਖੜ ਨੇ ਪਿੰਡ ਕਿੱਲਿਆਂਵਾਲੀ ਵਿੱਚ ਇੱਕ ਪੋਲਟਰੀ ਫਾਰਮ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ, ਜਿਸ ਨਾਲ ਛੇ ਹਜ਼ਾਰ ਬਰੈਲਰ ਦੀ ਸਮੱਰਥਾ ਵਾਲ ਪੋਲਟਰੀ ਫਾਰਮ ਦਾ ਸਿੱਧੇ ਤੌਰ ’ਤੇ ਪੰਜ-ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਤਿੰਨ ਏਕੜ ਜ਼ਮੀਨ ਵਾਲੇ ਛੋਟੇ ਕਿਸਾਨ ਰਛਪਾਲ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਉਸ ਨੇ ਛੇ ਹਜ਼ਾਰ ਬਰੈਲਰ ਵੇਚ ਦਿੱਤੇ ਸਨ, ਇਸ ਕਰਕੇ ਉਹ ਸੱਤ-ਅੱਠ ਲੱਖ ਰੁਪਏ ਦੇ ਹੋਰ ਨੁਕਸਾਨ ਤੋਂ ਬੱਚ ਗਿਆ। ਉਸ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕੱਲ ਦੇਰ ਸ਼ਾਮ ਝੱਖੜ, ਮੀਂਹ ਅਤੇ ਗੜੇਮਾਰੀ ਦੌਰਾਨ ਬਿਜਲੀ ਦੇ ਖੰਭੇ, ਟਰਾਂਸਫਾਰਮਰ ਅਤੇ ਦਰੱਖਤ ਡਿੱਗ ਗਏ ਸਨ ਜਦੋਂਕਿ ਇੱਕ ਮੈਰਿਜ ਪੈਲਸ ਦੀ ਛੱਤ ਅਤੇ ਚਾਰਦੀਵਾਰੀ ਨੁਕਸਾਨੀ ਗਈ।
ਮੀਂਹ ਨੇ ਖੇਤਾਂ ਵਿਚ ਲਾਈਆਂ ਲਹਿਰਾਂ-ਬਹਿਰਾਂ, ਕਿਸਾਨਾਂ ਦੇ ਚਿਹਰੇ ਖਿੜੇ
ਬਠਿੰਡਾ (ਮਨੋਜ ਸ਼ਰਮਾ): ਮਾਲਵਾ ਪੱਟੀ ਵਿਚ ਅੱਜ ਸਵੇਰੇ ਮੌਨਸੂਨ ਦੀ ਪੰਜਾਬ ਵਿੱਚ ਅਗੇਤੀ ਫੇਰੀ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਤੇ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਗਾ ਦਿੱਤੀਆਂ ਹਨ। ਗਰਮੀ ਤੋਂ ਰਾਹਤ ਮਿਲੀ ਹੈ ਅਤੇ ਝੋਨਾ ਲਗਾਉਣ ਆਏ ਪਰਵਾਸੀ ਮਜ਼ਦੂਰ ਖ਼ੁਸ਼ ਹਨ। ਪੰਜਾਬ ਵਿੱਚ ਝੋਨੇ ਦੀ ਫਸਲ ਦਾ ਸ਼ੁਰੂਆਤੀ ਦੌਰ ਹੈ ਤੇ ਇਸ ਮੌਕੇ ਮੀਂਹ ਕਿਸਾਨਾਂ ਲਈ ਰੱਬ ਬਣ ਕੇ ਬਹੁੜਿਆ ਹੈ, ਜਿਸ ਕਾਰਨ ਡੀਜ਼ਲ ਦੀ ਖਪਤ ਘੱਟ ਗਈ ਹੈ। ਅੱਜ ਵਰ੍ਹਦੇ ਮੀਂਹ ਵਿੱਚ ਮਜ਼ਦੂਰ ਵਰਗ ਨੇ ਝੋਨਾ ਚਾਈਂ-ਚਾਈਂ ਲਗਾਇਆ ਅਤੇ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ। ਅੱਜ ਦੀ ਬਾਰਿਸ਼ ਨੇ ਪੂਰੇ ਮਾਲਵੇ ਖਿੱਤੇ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ ਤੇ ਲਗਾਤਾਰ ਤਕਰੀਬਨ 35 ਤੋਂ 40 ਮਿੰਟ ਰੁਕ-ਰੁਕ ਕੇ ਪੈਂਦੀ ਬਾਰਿਸ਼ ਨੇ ਸ਼ਹਿਰ ਅਤੇ ਪਿੰਡਾਂ ਦੀਆਂ ਸੜਕਾਂ ਜਲਥਲ ਕਰ ਦਿੱਤੀਆਂ। ਬਠਿੰਡਾ ਸ਼ਹਿਰ ਦੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਉੱਧਰ, ਨਗਰ ਨਿਗਮ ਵੱਲੋਂ ਮੌਸਮ ਨੂੰ ਦੇਖਦਿਆਂ ਅਗੇਤੇ ਪ੍ਰਬੰਧ ਕੀਤੇ ਜਾਣੇ ਜਾਰੀ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਨਗਰ ਨਿਗਮ ਹਰ ਸਾਲ ਸੀਵਰੇਜ ਦੇ ਪ੍ਰਬੰਧਾਂ ਲਈ 6 ਤੋਂ 7 ਕਰੋੜ ਰੁਪਏ ਦਾ ਬਜਟ ਪਾਸ ਕਰਦਾ ਹੈ ਪਰ ਲੰਬੇ ਸਮੇਂ ਤੋਂ ਸਥਿਤੀ ਬਠਿੰਡਾ ਸ਼ਹਿਰ ਦੀ ਸੀਵਰੇਜ ਵਾਲੀ ਸਮੱਸਿਆ ਅਤੇ ਨੀਵੇਂ ਖੇਤਰਾਂ ਵਿਚ ਪਾਣੀ ਖੜ੍ਹਨ ਦਾ ਹੱਲ ਨਹੀਂ ਹੋ ਸਕਿਆ। ਅੱਜ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਵੇਰ ਵੇਲੇ 8.30 ਵਜੇ ਤੱਕ 3 ਮਿਲੀਮੀਟਰ ਮੀਂਹ ਪਿਆ ਤੇ 8.30 ਤੋਂ ਬਾਅਦ 18 ਐਮਐਮ ਬਾਰਿਸ਼ ਹੋਈ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਪੱਟੀ ਵਿੱਚ ਕੱਲ੍ਹ ਸ਼ਾਮ ਤੋਂ ਰੁਕ-ਰੁਕ ਕੇ ਪਏ ਮੀਂਹ ਨੇ ਅੱਜ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਗਾ ਦਿੱਤੀਆਂ ਹਨ। ਇਸ ਦੌਰਾਨ ਮੀਂਹ ਨੇ ਫ਼ਸਲਾਂ ’ਤੇ ਕਈ ਦਿਨਾਂ ਦੀ ਚੜ੍ਹੀ ਧੂੜ ਲਾਹ ਕੇ ਮੁੜ ਤੋਂ ਰੌਣਕਾਂ ਲਿਆ ਦਿੱਤੀਆਂ। ਨਿਰਮਲ ਪਾਣੀ ਨੇ ਫ਼ਸਲਾਂ ਨੂੰ ਨਿਖਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫ਼ਸਲਾਂ ਲਈ ਸਭ ਤੋਂ ਵਧੀਆ ਖੁਰਾਕ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਦੌਰਾਨ ਪਏ ਇਸ ਮੀਂਹ ਨੇ ਹੁਣ ਧਰਤੀ ਨੂੰ ਠਾਰ ਦਿੱਤਾ ਹੈ। ਅਜਿਹੇ ਠੰਢੇ ਮੌਸਮ ਵਿਚ ਲੱਗਣਸਾਰ ਝੋਨੇ ਨੇ ਹਰਿਆਲ ਦੇਣੀ ਸ਼ੁਰੂ ਕਰ ਦੇਣੀ ਹੈ। ਉਂਝ ਖੇਤੀ ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਲਾਭ ਨਰਮੇ ਦੀ ਫ਼ਸਲ ਸਣੇ ਪਸ਼ੂਆਂ ਦੇ ਹਰੇ ਚਾਰੇ ਤੇ ਸਬਜ਼ੀਆਂ ਨੂੰ ਦੱਸਿਆ ਹੈ। ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਸਮੇਂ ਸਿਰ ਪਿਆ ਵਧੀਆ ਮੀਂਹ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਫ਼ਸਲਾਂ ਦਾ ਰੰਗ ਨਿਖਰ ਆਉਣਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ. ਰੋਮਾਣਾ ਨੇ ਕਿਹਾ ਕਿ ਮਾਲਵਾ ਪੱਟੀ ਵਿੱਚ ਤਾਂ ਇਹੋ ਮੀਂਹ ਧੰਨ-ਧੰਨ ਕਰਵਾ ਦੇਵੇਗਾ। ਉਨ੍ਹਾਂ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਸ਼ੁਭ-ਸੰਕੇਤ ਦੱਸਿਆ। ਖੇਤੀਬਾੜੀ ਅਧਿਕਾਰੀ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮੀਂਹ ਨੇ ਸੱਚਮੁੱਚ ਸਹੀ ਸਮੇਂ ’ਤੇ ਵਰ੍ਹ ਕੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਲੱਖਾਂ ਦਾ ਫਾਇਦਾ ਹੋ ਗਿਆ ਹੈ।