
ਬਠਿੰਡਾ ਵਿਚ ਇਕ ਸੜਕ ’ਤੇ ਭਰੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਪਵਨ ਸ਼ਰਮਾ
ਸ਼ਗਨ ਕਟਾਰੀਆ
ਬਠਿੰਡਾ/ਜੈਤੋ, 25 ਮਾਰਚ
ਮੀਂਹ ਕਾਰਨ ਖੇਤਾਂ ’ਚ ਖੜ੍ਹੀ ਕਣਕ, ਸਰ੍ਹੋਂ, ਚਾਰੇ ਅਤੇ ਸਬਜ਼ੀਆਂ ਦੀ ਫ਼ਸਲ ਨਸ਼ਟ ਹੋ ਗਈ। ਖੇਤੀ ’ਵਰਸਿਟੀ ਦੀ ਰਿਪੋਰਟ ਮੁਤਾਬਕ ਬਠਿੰਡਾ ’ਚ ਸ਼ੁੱਕਰਵਾਰ ਸ਼ਾਮ ਤੋਂ ਸ਼ੁਰੂ ਹੋ ਕੇ ਅੱਧੀ ਰਾਤ ਤੱਕ 29.6 ਮਿਲੀਮੀਟਰ ਮੀਂਹ ਪਿਆ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਹੀ ਫ਼ਸਲਾਂ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤੇ ਜਾਣ ਦੇ ਐਲਾਨ ਕਰਦਿਆਂ, ਅਧਿਕਾਰੀਆਂ ਤੋਂ ਗਿਰਦਾਵਰੀ ਰਿਪੋਰਟਾਂ ਹਫ਼ਤੇ ਦੇ ਅੰਦਰ ਦੇਣ ਦੇ ਹੁਕਮ ਦਿੱਤੇ ਸਨ ਪਰ ਅੱਜ ਕਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਨੂੰ ਮੁਆਵਜ਼ਾ ਢੁੱਕਵਾਂ ਅਤੇ ਫੌਰੀ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਅੱਜ ਦਿਨ ਚੜ੍ਹਦੇ ਸਾਰ ਹੀ ਬਠਿੰਡਾ-ਜੈਤੋ ਮਾਰਗ ’ਤੇ ਸਥਿਤ ਪਿੰਡ ਸੇਵੇਵਾਲਾ ’ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਸੁਰਜੀਤ ਸਿੰਘ ਦੀ ਅਗਵਾਈ ਕਰੀਬ ’ਚ ਤਿੰਨ ਘੰਟੇ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ।
ਬਠਿੰਡਾ (ਟਨਸ): ਮੀਂਹ ਤੇ ਗੜਿਆਂ ਕਾਰਨ ਮਲੋਟ, ਭੁੱਚੋ ਮੰਡੀ, ਨਥਾਣਾ, ਭਗਤਾ ਭਾਈ, ਸਰਦੂਲਗੜ੍ਹ, ਰਾਮਪੁਰਾ ਫੂਲ, ਤਲਵੰਡੀ ਸਾਬੋ, ਬੋਹਾ, ਜੋਗਾ ਤੇ ਹੋਰ ਖੇਤਰਾਂ ਵਿਚ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।
ਮਲੋਟ (ਲਖਵਿੰਦਰ ਸਿੰਘ):ਝੱਖੜ ਅਤੇ ਗੜਿਆਂ ਤੋਂ ਪ੍ਰਭਾਵਿਤ ਪਿੰਡ ਸ਼ਾਮਖੇੜਾ, ਡੱਬਵਾਲੀ ਢਾਬ, ਗੁਰੂਸਰ, ਬੁਰਜ ਸਿੱਧਵਾਂ ਅਤੇ ਹੋਰ ਪਿੰਡਾਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਦੇਵ ਸਿੰਘ ਸੰਧੂ ਨੇ ਦੌਰਾ ਕੀਤਾ। ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨ ਗੁਰਦਿਆਲ ਸਿੰਘ ਸੰਧੂ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਸੁਖਚੈਨ ਸਿੰਘ, ਗੱਜਣ ਸਿੰਘ, ਮਹਿਤਾਬ ਸਿੰਘ ਅਤੇ ਗੁਰਨਾਮ ਸਿੰਘ ਪਿੰਡ ਡੱਬਵਾਲੀ ਢਾਬ ਨੇ ਦੱਸਿਆ ਕਿ ਕੁਦਰਤ ਦੀ ਇਸ ਮਾਰ ਨੇ ਕਣਕ ਸਮੇਤ ਪੱਠੇ, ਸਬਜ਼ੀਆਂ ਅਤੇ ਹੋਰ ਫ਼ਸਲਾਂ ਲਗਪਗ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀਆਂ ਹਨ ਅਤੇ ਢਾਣੀਆਂ ਨੂੰ ਜਾਣ ਵਾਲੇ ਰਸਤੇ ਵੀ ਜਲਥਲ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ 50 ਸਾਲ ਦੀ ਉਮਰ ਵਿੱਚ ਅਜਿਹੀ ਮਾਰ ਪਹਿਲੀਂ ਵਾਰ ਦੇਖੀ ਹੈ। ਉਧਰ ਜਸਦੇਵ ਸਿੰਘ ਸੰਧੂ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਜਲਦੀ ਪ੍ਰਭਾਵਿਤ ਪਿੰਡਾਂ ਦੇ ਦੌਰਾ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰਨਗੇ। ਇਸ ਦੌਰਾਨ ਵਾਰਡ ਨੰਬਰ 14 ਵਿਚ ਜੋਗਿੰਦਰ ਕੌਰ ਦੇ ਘਰ ਦੀ ਛੱਤ ਡਿੱਗ ਗਈ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮੀਂਹ ਕਾਰਨ ਬਠਿੰਡਾ ਸ਼ਹਿਰ ਜਲਥਲ
ਬਠਿੰਡਾ (ਮਨੋਜ ਸ਼ਰਮਾ): ਇਥੇ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਬੇਮੌਸਮੇ ਮੀਂਹ ਕਾਰਨ ਸ਼ਹਿਰ ਦੇ ਦਰਜਨਾਂ ਮੁਹੱਲੇ ਜਲਥਲ ਹੋ ਗਏ, ਜਿਨ੍ਹਾਂ ਵਿਚ ਵੀਆਈਪੀ ਖੇਤਰ ਵੀ ਸ਼ਾਮਲ ਹੈ। ਮੀਂਹ ਕਾਰਨ ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ, ਗੋਨਿਆਣਾ ਰੋਡ, ਪੋਸਟ ਆਫ਼ਿਸ ਬਾਜ਼ਾਰ, ਰਾਜੀਵ ਗਾਂਧੀ ਨਗਰ, ਪਰਸ ਰਾਮ ਨਗਰ, ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਅੰਡਰ ਬ੍ਰਿਜ ਸਮੇਤ ਮਾਨਸਾ ਰੋਡ ’ਤੇ ਬਣੇ ਅੰਡਰ ਬ੍ਰਿਜ ਪਾਣੀ ਨਾਲ ਭਰ ਗਏ। ਅਜਿਹੇ ਵਿੱਚ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਨਸਾ ਰੋਡ ’ਤੇ ਅੰਡਰ ਬ੍ਰਿਜ ਵਿੱਚ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ।
ਮੰਤਰੀ ਨੇ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ
ਸਿਰਸਾ/ਏਲਨਾਬਾਦ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਮੀਂਹ, ਝੱਖੜ ਤੇ ਗੜਿਆਂ ਨਾਲ ਨੁਕਸਾਨੀਆਂ ਗਈਆਂ ਹਾੜ੍ਹੀ ਦੀਆਂ ਫ਼ਸਲਾਂ ਦਾ ਅੱਜ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਇਕ ਦਰਜਨ ਤੋਂ ਵਧ ਪਿੰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਨੇ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁਦਰਤ ਨੇ ਕਿਸਾਨਾਂ ’ਤੇ ਕਹਿਰ ਢਾਹਿਆ ਹੈ। ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਕਿਸਾਨਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ