ਪੱਤਰ ਪ੍ਰੇਰਕ
ਬਠਿੰਡਾ, 22 ਜੁਲਾਈ
ਬਠਿੰਡਾ ’ਚ ਅੱਜ ਸਵੇਰੇ ਤੇ ਦੁਪਹਿਰ ਵੇਲੇ ਹੋਈ ਬਾਰਸ਼ ਕਾਰਨ ਸ਼ਹਿਰ ਦੀਆਂ ਸੜਕਾਂ ਜਲਥਲ ਹੋ ਗਈਆਂ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਸੜਕਾਂ ਤੇ ਛੱਲਾਂ ਮਾਰਦੇ ਪਾਣੀ ਨਾਲ ਹਰ ਸਾਲ ਬਰਸਾਤੀ ਪਾਣੀ ਲਈ ਕਰੋੜਾਂ ਰੁਪਏ ਦਾ ਬਜਟ ਰੋੜ੍ਹਨ ਵਾਲੀ ਬਠਿੰਡਾ ਨਗਰ ਨਿਗਮ ਦੀ ਪੋਲ ਖੁੱਲ੍ਹ ਇੱਕ ਵਾਰ ਫਿਰ ਖੁੱਲ੍ਹ ਗਈ ਹੈ।
ਅੱਜ ਹੋਈ ਬਾਰਸ਼ ਕਾਰਨ ਬਠਿੰਡਾ ਦੇ ਪੌਸ਼ ਖੇਤਰ ਕੋਰਟ ਕੰਪਲੈਕਸ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਤਰ੍ਹਾਂ ਸ਼ਹਿਰ ਦਾ ਪਾਵਰ ਹਾਊਸ ਰੋਡ ਮਾਲ ਰੋਡ, ਪਰਸਰਾਮ ਨਗਰ, ਸਲੱਮ ਖੇਤਰਾਂ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ। ਜ਼ਿਕਰਯੋਗ ਹੈ ਕਿ ਪਹਿਲਾਂ ਬਾਦਲ ਬਠਿੰਡਾ ਨੂੰ ਕੈਲੀਫੋਰਨੀਆ ਦਾ ਦਰਜਾ ਦਿੰਦੇ ਰਹੇ ਅਤੇ ਬਾਅਦ ਵਿੱਚ ਬਾਅਦ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਖ਼ਜ਼ਾਨੇ ਦਾ ਮੂੰਹ ਬਠਿੰਡਾ ਵੱਲ ਖੋਲ੍ਹੀ ਰੱਖਿਆ ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ। ਪੰਜਾਬ ’ਚ ਸੱਤਾ ਦਾ ਸੂਰਜ ਅਸਤ ਹੋਇਆ ਤੇ ਨਵੀਂ ਸਰਕਾਰ ਬਣੀ ਪਰ ਇਸ ਦੇ ਰਾਜ ਵਿੱਚ ਵੀ ਨਗਰ ਨਿਗਮ ਬਠਿੰਡਾ ਮੀਂਹ ਦੇ ਪਾਣੀ ਦੀ ਸਮੱਸਿਆ ਹੱਲ ਕਰਨ ਅਸਫਲ ਰਹੀ। ਉਧਰ ਲੋਕਾਂ ਦਾ ਕਹਿਣਾ ਹੈ ਬਠਿੰਡਾ ਦੇ ਸੀਵਰੇਜ ਅਤੇ ਪ੍ਰਬੰਧਾਂ ਦਾ ਬੁਰਾ ਹਾਲ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਹੋਰ ਤੇਜ਼ ਹੁੰਦੀਆਂ ਹਨ ਤਾਂ ਕਈ ਮੁਹੱਲਿਆਂ ਨੂੰ ਡੋਬ ਕੇ ਰੱਖ ਦੇਵੇਗਾ।