ਮਨੋਜ ਸ਼ਰਮਾ
ਬਠਿੰਡਾ, 3 ਸਤੰਬਰ
ਸ਼ਹਿਰ ਵਿੱਚ ਸਭ ਤੋਂ ਪਹਿਲੇ ਬਣੇ ਰੇਲਵੇ ਫਲਾਈਓਵਰ ਬਦੀ ਹਾਲਤ, ਇਸ ਸਮੇਂ ਬੜੀ ਤਰਸਯੋਗ ਬਣੀ ਹੋਈ ਹੈ। ਅੱਜ ਆਪਣਾ 28ਵਾਂ ਜਨਮ ਦਿਨ ਮਨਾ ਰਿਹੇ ਇਸ ਪੁਲ ਨੂੰ ਵੇਖ਼ ਕੇ ਅਜਿਹਾ ਲੱਗਦਾ ਹੈ ਕਿ ਇਸ ਦਾ ਕੋਈ ਵਾਲੀ ਵਾਰਸ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਤਤਕਾਲੀ ਮੁੱਖ਼ ਮੰਤਰੀ ਬੇਅੰਤ ਸਿੰਘ ਵੱਲੋਂ ਅੱਜ ਦੇ ਦਿਨ ਕਰੀਬ 28 ਸਾਲ ਪਹਿਲਾਂ 3 ਸਤੰਬਰ 1992 ਨੂੰ ਇਹ ਲੋਕਾਂ ਦੀ ਵਰਤੋਂ ਕਰਨ ਦਾ ਉਦਘਟਨ ਕੀਤਾ ਗਿਆ ਸੀ। ਉਸ ਸਮੇਂ ਬਠਿੰਡਾ ਦੇ ਨਾਲ ਸੁਰਿੰਦਰ ਕਪੂਰ ਰਾਜ ਮੰਤਰੀ ਅਤੇ ਜੁਗਿੰਦਰ ਸਿੰਘ ਮਾਨ ਮੰਤਰੀ ਵੀ ਸਨ। ਕਰੀਬ ਤਿੰਨ ਹਫ਼ਤੇ ਪਏ ਭਾਰੀ ਮੀਂਹ ਕਾਰਨ, ਇਸ ਪੁਲ ਉਪਰ ਵੱਡੇ-ਵੱਡੇ ਦੋ ਘਾਰੇ ਪੈ ਗਏ ਸਨ। ਇਨ੍ਹਾਂ ਦੀ ਮੁਰੰਮਤ ਕਰਨ ਦੀ ਥਾਂ ਸਬੰਧਤ ਵਿਭਾਗ ਨੇ ਉਸ ਵਿੱਚ ਮਿੱਟੀ ਭਰ ਕੇ ਕੱਚੇ ਤੌਰ ’ਤੇ ਪੂਰ ਦਿੱਤਾ। ਪੁਲ ’ਤੇ ਬਣੇ ਫੁੱਟਪਾਥ ਉਪਰ ਕਰੀਬ ਦਰਜਨ ਹੋਰ ਖੱਡੇ ਬਣ ਰਹੇ ਹਨ, ਜਿਸ ਕਾਰਨ ਪੁਲ ਉਪਰ ਪੈਂਦਲ ਚੱਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਪੁਲ ਉਪਰ ਲੱਗੇ ਖੰਭਿਆਂ ਨੂੰ ਸਪਲਾਈ ਕੀਤੀ ਜਾਂਦੀ ਬਿਜਲੀ ਦੀਆਂ ਤਾਰਾਂ ਦੇ ਜੋੜ ਵੀ ਨੰਗੇ ਪਏ ਹਨ, ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਮੇਂ ਪੁਲ ਉਪਰ ਜਿੱਥੇ ਅੱਕ ਵਧ ਫੁੱਲ ਰਹੇ ਹਨ, ਉਥੇ ਪਾਸਿਆਂ ਉਪਰ ਬੋਹੜ ਤੇ ਪਿੱਪਲ ਦੇ ਬੂਟੇ ਵੀ ਚੰਗਾ ਵਿਕਾਸ ਕਰ ਰਹੇ ਹਨ। ਲੋਕਾਂ ਨੇ ਸਬੰਧਤ ਵਿਭਾਗ ਤੋਂ ਪੁਲ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣ ਦੀ ਮੰਗ ਕੀਤੀ।