ਮਨੋਜ ਸ਼ਰਮਾ
ਬਠਿੰਡਾ, 20 ਮਾਰਚ
ਬਠਿੰਡਾ ਨਗਰ ਨਿਗਮ ਵੱਲੋਂ ਪੂਰੇ ਸ਼ਹਿਰ ਨੂੰ ਕੂੜਾ-ਮੁਕਤ ਐਲਾਨਣ ’ਤੇ ਇਤਰਾਜ਼ ਉੱਠ ਖੜ੍ਹੇ ਹਨ। ਜ਼ਿਕਰਯੋਗ ਕਿ ਨਿਗਮ ਵੱਲੋਂ ਬਕਾਇਦਾ ਇਸ਼ਤਿਹਾਰ ਦੇ ਕੇ 20 ਮਾਰਚ ਤੱਕ ਕੂੜਾ ਮੁਕਤ ਸ਼ਹਿਰ ਸਬੰਧੀ ਇਤਰਾਜ਼ ਮੰਗੇ ਸਨ। ਨਿਗਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ 50 ਵਾਰਡਾਂ ਨੂੰ ਕੂੜਾ-ਮੁਕਤ ਕਰ ਦਿੱਤਾ ਗਿਆ ਹੈ।
ਇਸ ਕੂੜਾ-ਮੁਕਤ ਸ਼ਹਿਰ ’ਤੇ ਇਤਰਾਜ਼ ਪਰਗਟ ਕਰਦਿਆਂ ‘ਜਾਗੋ ਗਾਹਕ ਜਾਗੋ’ ਦੇ ਪ੍ਰਧਾਨ ਸੰਜੀਵ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਪਤਾ ਲੱਗਿਆ ਕਿ ਗਲੀਆਂ-ਨਾਲੀਆਂ ਵਿੱਚ ਪਏ ਲਿਫਾਫਿਆਂ ਤੇ ਹੋਰ ਗੰਦਗੀ ਕਾਰਨ ਸ਼ਹਿਰ ਦੇ 50 ਵਾਰਡਾਂ ਨੂੰ ਕੂੜਾ ਮੁਕਤ ਐਲਾਨਣ ਦੇ ਦਾਅਵੇ ਝੂਠੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਵਿੱਚ ਅਜਿਹੀਆਂ ਕਈ ਥਾਵਾਂ ਹਨ, ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸੰਜੀਵ ਗੋਇਲ ਨੇ ਟਿੱਪਣੀ ਕੀਤੀ ਕਿਨਿਗਮ ਵੱਲੋਂ 50 ਵਾਰਡਾਂ ਨੂੰ ਕੂੜਾਮੁਕਤ ਕਰਨ ਦੀਆਂ ਗੱਲਾਂ ਦਫ਼ਤਰਾਂ ਵਿੱਚ ਬੈਠ ਕੇ ਹੀ ਕੀਤੀਆਂ ਜਾ ਰਹੀਆਂ ਹਨ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਇਤਰਾਜ਼ ਸਵੱਛ ਭਾਰਤ, ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਦਫ਼ਤਰ, ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਚੰਡੀਗੜ੍ਹ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਨੂੰ 27 ਫੋਟੋਆਂ ਸਮੇਤ ਕੂੜਾ ਮੁਕਤ ਸ਼ਹਿਰ ਦੀ ਅਸਲੀਅਤ ਬਿਆਨ ਕਰਦਿਆਂ ਭੇਜ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਨਿਗਮ ਬਠਿੰਡਾ ਦੀ ਹੈਲਥ ਬ੍ਰਾਂਚ ਕੋਲ 1177 ਕਰਮਚਾਰੀ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਹਨ।
ਨਗਰ ਨਿਗਮ ਦੇ ਚੀਫ਼ ਸੈਨੇਟਰੀ ਅਫਸਰ ਸੰਦੀਪ ਕਟਾਰੀਆ ਨੇ ਕਿਹਾ ਕਿ ਜੇਕਰ ਕਿਸੇ ਨੂੰ ਸਾਫ਼-ਸਫ਼ਾਈ ਸਬੰਧੀ ਕੋਈ ਇਤਰਾਜ਼ ਸੀ ਤਾਂ ਉਹ ਅੱਜ 20 ਮਾਰਚ ਤੱਕ ਲਿਖਤੀ ਤੌਰ ’ਤੇ ਨਿਗਮ ਨੂੰ ਦੇ ਸਕਦੇ ਸੀ ਪਰ ਉਨ੍ਹਾਂ ਨੂੰ ਕੋਈ ਇਤਰਾਜ਼ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਲਈ ਵੱਖ ਵੱਖ ਟੀਮਾਂ ਨੇ ਕੰਮ ਕਰਨੇ ਹਨ।