ਸ਼ਗਨ ਕਟਾਰੀਆ
ਬਠਿੰਡਾ, 10 ਫਰਵਰੀ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਚਾਰਟਰਡ ਅਕਾਊਂਟੈਂਟ ਭਾਈਚਾਰੇ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਕੰਮ ਕਰਨ ਨਾਲ ਪੰਜਾਬ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ਅਤੇ ਪੰਜਾਬ ਦਾ ਅਰਥਚਾਰਾ ਮੁੜ ਲੀਹ ’ਤੇ ਚੜ੍ਹ ਕੇ ਪੱਕੇ ਪੈਰੀਂ ਹੋਣ ਲੱਗਾ ਹੈ।
ਸ੍ਰੀ ਬਾਦਲ ਨੇ ਅੱਜ ਬਠਿੰਡਾ ਵਿੱਚ ਨਗਰ ਨਿਗਮ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਲੜੀ ਤਹਿਤ ਉਨ੍ਹਾਂ ਵਾਰਡ ਨੰ. 16 ਦੇ ਮਤੀ ਦਾਸ ਨਗਰ ਵਿੱਚ ਬਲਰਾਜ ਪੱਕਾ, ਵਾਰਡ ਨੰ. 14 ਤੋਂ ਵਿੱਕੀ ਨੰਬਰਦਾਰ, ਵਾਰਡ ਨੰ. 25 ਤੋਂ ਕਮਲਜੀਤ ਕੌਰ, ਵਾਰਡ 39 ਤੋਂ ਪੁਸ਼ਪਾ ਰਾਣੀ, ਵਾਰਡ 21 ਦੀ ਸੰਗੂਆਣਾ ਬਸਤੀ ’ਚ ਸੰਤੋਸ਼ ਮਹੰਤ, ਆਵਾ ਬਸਤੀ ਵਿੱਚ ਵਾਰਡ ਨੰ. 22 ਤੇ 23 ਵਿੱਚ ਕ੍ਰਮਵਾਰ ਕਾਂਗਰਸੀ ਉਮੀਦਵਾਰਾਂ ਨਵੀਨ ਬਾਲਮੀਕੀ ਅਤੇ ਕਿਰਨ ਰਾਣੀ, ਵਾਰਡ ਨੰ. 30 ਦੀ ਪੁਖਰਾਜ ਕਲੋਨੀ ਵਿੱਚ ਬਲਜਿੰਦਰ ਠੇਕੇਦਾਰ, ਵਾਰਡ ਨੰ. 6 ਦੇ ਨਾਰਥ ਅਸਟੇਟ ਵਿੱਚ ਬੇਅੰਤ ਸਿੰਘ ਰੰਧਾਵਾ ਅਤੇ ਵਾਰਡ ਨੰ. 49 ਦੇ ਸ਼ਕਤੀ ਵਿਹਾਰ ’ਚ ਕਮਲੇਸ਼ ਮਹਿਰਾ ਦੇ ਹੱਕ ਵਿੱਚ ਪ੍ਰਚਾਰ ਕੀਤਾ।
ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ ਨੇ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਉਮੀਦਵਾਰਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ’ਤੇ ਮੋਹਰ ਲਾਉਂਦਾ ਹੈ। ਇਸ ਮੌਕੇ ਜੈਜੀਤ ਸਿੰਘ ਜੌਹਲ, ਰਾਜਨ ਗਰਗ, ਰਾਜ ਨੰਬਰਦਾਰ, ਕੈਪਟਨ ਮੱਲ ਸਿੰਘ, ਗੁਰਵਿੰਦਰ ਲਾਡੀ, ਕੁਲਦੀਪ ਔਲਖ, ਚਰਨਜੀਤ ਭੋਲਾ ਵੀ ਹਾਜ਼ਰ ਸਨ।