ਮਨੋਜ ਸ਼ਰਮਾ
ਗੋਨਿਆਨਾ / ਬਠਿੰਡਾ , 27 ਅਗਸਤ
ਪਿੰਡ ਜੀਦਾ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਅਕਤੀ ਦੇ ਖੇਤ ਨੂੰ ਜਾਂਦੇ ਰਸਤੇ ਅਤੇ ਪਾਣੀ ਨੂੰ ਧੱਕੇ ਨਾਲ ਬੰਦ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਐੱਸਸੀ/ਐੱਸਟੀ ਕਾਨੂੰਨ ਤਹਿਤ ਕੇਸ ਦਰਜ ਕਰਵਾਉਣ ਲਈ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨੇਹੀਆਂ ਵਾਲਾ ਥਾਣੇ ਅੱਗੇ ਧਰਨਾ ਦਿੱਤਾ ਗਿਆ ਤੇ ਪੁਲੀਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ , ਮਨਦੀਪ ਸਿੰਘ ਸਬਿੀਆਂ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਸਿੰਘ ਰਾਮਗੜ ਨੇ ਕਿਹਾ ਕਿ ਪਿੰਡ ਜੀਦਾ ਦੇ ਵਸਨੀਕ ਮਾਸਟਰ ਰਣਜੀਤ ਸਿੰਘ ਨੇ 8 ਕਨਾਲ ਜ਼ਮੀਨ ਛਿੰਦਰਪਾਲ ਸਿੰਘ ਤੋਂ ਖਰੀਦੀ ਸੀ। ਇਹ ਜਮੀਨ ਰਣਜੀਤ ਸਿੰਘ ਨੇ ਅੱਗੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਜਗਸੀਰ ਸਿੰਘ ਨੂੰ ਵੇਚ ਦਿੱਤੀ। ਛਿੰਦਰ ਪਾਲ ਸਿੰਘ ਰਣਜੀਤ ਸਿੰਘ ਨੂੰ ਰਸਤਾ ਤੇ ਪਾਣੀ ਦੇ ਰਿਹਾ ਸੀ ਪਰ ਰਜਿਸਟਰੀ ਹੋਣ ਬਾਅਦ ਉਸ ਨੇ ਜਗਸੀਰ ਸਿੰਘ ਦੇ ਖੇਤ ਨੂੰ ਜਾਂਦਾ ਰਸਤਾ ਤੇ ਪਾਣੀ ਬੰਦ ਕਰ ਦਿੱਤਾ ਹੈ।ਜੋਰਾ ਸਿੰਘ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਪਿੰਡ ਦੇ ਕੁੱਝ ਲੋਕਾਂ ਨੇ 2021 ਵਿੱਚ ਪਿੰਡ ਦੇ ਮਜ਼ਦੂਰਾਂ ਦੀ ਟਿਊਬਵੈੱਲ ਤਾਰਾਂ ਚੋਰੀ ਕਰਨ ਦੇ ਸ਼ੱਕ ਵਿੱਚ ਬੁਰੀ ਤਰਾਂ ਕੁੱਟ ਮਾਰ ਕੀਤੀ ਸੀ ਤੇ ਉਨ੍ਹਾਂ ਨੂੰ ਹਵਾਲਾਤ ਵਿੱਚ ਬੰਦ ਕਰਵਾਇਆ ਸੀ। ਜਗਸੀਰ ਦੇ ਭਰਾ ਕਾਕਾ ਸਿੰਘ ਨੇ ਇਸ ਵਿਰੁੱਧ ਸੰਘਰਸ਼ ਕਰਕੇ ਇਨ੍ਹਾਂ ਵਿਅਕਤੀਆਂ ‘ਤੇ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਸੇ ਰੰਜਿਸ਼ ਕਾਰਨ ਇਹ ਵਿਅਕਤੀ ਹੁਣ ਕਿੜ ਕੱਢਣ ਲਈ ਛਿੰਦਰ ਪਾਲ ਨੂੰ ਉਕਸਾ ਕੇ ਪਾਣੀ ਤੇ ਰਾਹ ਬੰਦ ਕਰਵਾਕੇ ਮਜ਼ਦੂਰਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ।