ਸ਼ਗਨ ਕਟਾਰੀਆ
ਬਠਿੰਡਾ, 4 ਮਾਰਚ
ਰੂਸ-ਯੁਕਰੇਨ ਜੰਗ ਵਿਰੁੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇਪੀਐਮਓ ਵੱਲੋਂ ਅੱਜ ਇਥੇ ਮਿੰਨੀ ਸਕੱਤਰੇਤ ਨੇੜੇ ਡਾ. ਅੰਬੇਡਕਰ ਪਾਰਕ ਵਿਚ ਰੋਸ ਧਰਨਾ ਦੇਣ ਬਾਅਦ ਸ਼ਹਿਰ ਵਿਚ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਹਕੂਮਤਾਂ ਵੱਲੋਂ ਲੜੀ ਜਾ ਰਹੀ ਇਸ ਜੰਗ ਵਿਚ ਆਮ ਲੋਕਾਂ ਦਾ ਘਾਣ ਹੋ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ’ਚ ਇਨਸਾਨ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਵਿਸ਼ਵ ਯੁੱਧ ਬਣੇ, ਜੰਗ ਨੂੰ ਵਿਸ਼ਰਾਮ ਦੇ ਦੇਣਾ ਚਾਹੀਦਾ ਹੈ। ਇਹ ਵੀ ਮੰਗ ਕੀਤੀ ਗਈ ਕਿ ਯੂਕਰੇਨ ਵਿਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਵਾਪਸ ਭਾਰਤ ਲਿਆਉਣ ਲਈ ਭਾਰਤ ਸਰਕਾਰ ਸੰਜੀਦਾ ਕਦਮ ਚੁੱਕੇ। ਇਸ ਮੌਕੇ ਪ੍ਰਦਰਸ਼ਨ ਦੌਰਾਨ ਬੀਬੀ ਦਰਸ਼ਨਾ ਜੋਸ਼ੀ, ਪ੍ਰਕਾਸ਼ ਨੰਦਗੜ੍ਹ, ਮਿੱਠੂ ਸਿੰਘ ਘੁੱਦਾ, ਮੱਖਣ ਗੁਰੂਸਰ, ਸੁਖਦੇਵ ਰਾਜਗੜ੍ਹ ਕੁੱਬੇ, ਮੋਹਨ ਲਾਲ, ਦਰਸ਼ਨ ਸਿੰਘ, ਨਾਇਬ ਸਿੰਘ, ਗੁਲਜ਼ਾਰ ਸਿੰਘ, ਸੁਰਜੀਤ ਪੱਕਾ, ਉਮਰਦੀਨ ਜੱਸੀ, ਬੀਰਾ ਜੈ ਸਿੰਘ ਵਾਲਾ, ਬਲਦੇਵ ਸਿੰਘ, ਕੁਲਦੀਪ ਝੁੰਬਾ, ਸ਼ਮਸ਼ੇਰ ਤਿਓਣਾ, ਸੰਪੂਰਨ ਸਿੰਘ ਆਦਿ ਨੇ ਸੰਬੋਧਨ ਕੀਤਾ।
ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਹ ਜੰਗ ਯੂਕਰੇਨ ਦੇ ਲੋਕਾਂ ਅਤੇ ਭਾਰਤ ਸਮੇਤ ਹੋਰਾਂ ਦੇਸ਼ਾਂ ਤੋਂ ਪੜ੍ਹਾਈ ਅਤੇ ਰੁਜ਼ਗਾਰ ਲਈ ਉੱਥੇ ਗਏ ਲੋਕਾਂ ਦੀ ਜਾਨ ਮਾਲ ਦਾ ਖੌਅ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਰੂਸੀ ਫੌਜਾਂ ਤੁਰੰਤ ਯੂਕਰੇਨ ਤੋਂ ਬਾਹਰ ਹੋਣ ਅਤੇ ਉੱਥੋਂ ਆਉਣਾ ਚਾਹੁੰਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਨਿੱਕਲਣ ਲਈ ਸੁਰੱਖਿਅਤ ਲਾਂਘਾ ਤੇ ਹੋਰ ਸਾਧਨ ਮੁਹੱਈਆ ਕਰਵਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ ਨਾਟੋ ਤੋਂ ਵੱਖ ਹੋਵੇ। ਨਾਟੋ ਵਰਗੇ ਫੌਜੀ ਗੁੱਟ ਖਤਮ ਹੋਣ।