ਜੋਗਿੰਦਰ ਸਿੰਘ ਮਾਨ
ਮਾਨਸਾ, 11 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ਦੌਰਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਹੋਰਨਾਂ ਜਥੇਬੰਦੀਆਂ ਦੇ ਵਰਕਰਾਂ ਉਪਰ ਅਣਮਨੁੱਖੀ ਤਰੀਕੇ ਨਾਲ ਤਸ਼ੱਦਦ ਕਰਨ ਵਾਲੇ ਸੀਐਮ ਸਕਿਊਰਟੀ ਦੇ ਡੀਐੱਸਪੀ ਗੁਰਮੀਤ ਸਿੰਘ ਤੇ ਹੋਰਾਂ ’ਤੇ ਮੁਕੱਦਮਾ ਦਰਜ ਕਰਕੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਅੱਜ ਇਥੇ ਦੇਰ ਸ਼ਾਮ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੂੰ ਦਿੱਤੀ ਅਰਜ਼ੀ ਅਨੁਸਾਰ ਉਸ ’ਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਇਸ ਅੰਦੋਲਨ ਹਰ ਜ਼ਿਲ੍ਹੇ ਵਿੱਚ ਲੈ ਕੇ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਕੱਪੜਿਆਂ ਵਾਲੇ ਇਸ ਡੀਐਸਪੀ ਨੇ ਉਸ ਵੇਲੇ ਰੁਜ਼ਗਾਰ ਮੰਗਣ ਆਏ ਅਧਿਆਪਕਾਂ ’ਤੇ ਡੰਡੇ ਦੀਆਂ ਹੁੱਝਾਂ ਮਾਰੀਆਂ ਗਈਆਂ, ਜਦੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਕੇੇ ਬੱਸਾਂ ਵਿੱਚ ਬਿਠਾ ਲਿਆ ਗਿਆ ਸੀ ਤੇ ਸ਼ੋਸਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓ ਕਲਿੱਪਾਂ ਤੋਂ ਡੀਐੱਸਪੀ ਦੇ ਵਤੀਰੇ ਤੋਂ ਪਤਾ ਲੱਗਦਾ ਹੈ ਕਿ ਉਹ ਕੋਈ ਮਾਨਸਿਕ ਬਿਮਾਰੀ ਦਾ ਸ਼ਿਕਾਰ ਅਫ਼ਸਰ ਹੈ।
ਭੀਖੀ (ਕਰਨ ਭੀਖੀ) ਬੀਤੀ ਕੱਲ੍ਹ ਮਾਨਸਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਵਿੱਚ ਹੱਕ ਮੰਗਦੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀ ਮੁੱਖ ਮੰਤਰੀ ਦੀ ਸਕਿਊਟਰੀ ਦੇ ਡੀਐੱਸਪੀ ਗੁਰਦੀਪ ਸਿੰਘ ਵੱਲੋਂ ਕੀਤੀ ਅੰਨ੍ਹੇਵਾਹ ਕੁੱਟਮਾਰ ਮਾਮਲੇ ਵਿੱਚ ਬਲਾਕ ਪੱਧਰੀ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੱਦੇ ’ਤੇ ਭਰਾਤਰੀ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਪਾਤਾਸ਼ਾਹੀ ਨੌਵੀਂ ਭੀਖੀ ਦੇ ਚੌਕ ’ਚ ਮੁੱਖ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਟੈੱਟ ਪਾਸ ਅਧਿਆਪਕਾਂ ਤੇ ਠੇਕਾ ਮੁਲਾਜ਼ਮਾਂ ’ਤੇ ਕੀਤੇ ਗਏ ਅਣਮਨੁੱਖੀ ਪੁਲੀਸ ਤਸ਼ੱਦਦ ਵਿਰੁੱਧ ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਥਰਮਲ ਪਲਾਂਟ ਲਹਿਰਾ ਮੁਹੱਬਤ ਅੱਗੇ ਕੌਮੀ ਮਾਰਗ ’ਤੇ ਰੋਸ ਪ੍ਰਦਰਸ਼ਨ ਕੀਤਾ ਤੇ ਡੀਐੱਸਪੀ ਗੁਰਮੀਤ ਸਿੰਘ, ਰਮਿੰਦਰ ਸਿੰਘ ਕਾਹਲੋਂ ਤੇ ਮੁੱਖ ਮੰਤਰੀ ਦੀ ਅਰਥੀ ਫੂਕੀ ਗਈ।
ਮਲੋਟ (ਨਿੱਜੀ ਪੱਤਰ ਪ੍ਰੇਰਕ)ਮਲੋਟ ਤਹਿਸੀਲ ਰੋਡ ’ਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਆਗੂਆਂ ਨੇ ਕਿਹਾ ਕਿ ਖਰੜ ਵਿੱਚ ਟੈਂਕੀ ’ਤੇ ਬੈਠੀਆਂ ਅਧਿਆਪਕਾਵਾਂ ਨੂੰ ਦੋ ਮਹੀਨੇ ਤੋਂ ਉੱਪਰ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ, ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਬਠਿੰਡਾ (ਪੱਤਰ ਪ੍ਰੇਰਕ) ਹੱਕ ਸੱਚ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ’ਤੇ ਦਬਾਉਣਾ ਤੇ ਲੋਕਤੰਤਰ ਦਾ ਘਾਣ ਕਰਨਾ ਹੀ ਕਾਂਗਰਸ ਦਾ ਇਤਿਹਾਸ ਰਿਹਾ ਹੈ। ਮਾਨਸਾ ਵਿੱਚ ਬੇਰੁਜ਼ਗਾਰਾਂ ’ਤੇ ਹੋਇਆ ਤਸ਼ੱਦਦ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਕਾਂਗਰਸ ਤੇ ਇਹ ਦੋਸ਼ ਸਾਬਕਾ ਪੰਚਾਇਤ ਮੰਤਰੀ ਤੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ਮਾਨਸਾ ’ਚ ਬੇਰੁਜ਼ਗਾਰਾਂ ’ਤੇ ਹੋਈ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ।