ਮਨੋਜ ਸ਼ਰਮਾ
ਬਠਿੰਡਾ, 16 ਦਸੰਬਰ
ਅੱਜ ਬਠਿੰਡਾ ਵਿੱਚ ਦੇਸ਼ ਪੱਧਰੀ ਹੜਤਾਲ ਦੇ ਸੱਦੇ ਤੇ ਬੈਂਕ ਕਰਮਚਾਰੀਆਂ ਵੱਲੋਂ ਬਠਿੰਡਾ ਵਿੱਚ ਦੋ ਰੋਜ਼ਾ 16 ਤੇ 17 ਦਸੰਬਰ ਦੀ ਹੜਤਾਲ ’ਤੇ ਚੱਲਦਿਆਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਬੈਨਰ ਹੇਠ ਯੂਨੀਅਨ ਬੈਂਕ ਦੀ ਬ੍ਰਾਂਚ ਅੱਗੇ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਸੈਕਟਰੀ ਅਮਨਦੀਪ ਸਿੰਘ ਕਾਮਰੇਡ, ਗੁਲਸ਼ਨ ਓਬਰਾਏ, ਪੰਕਜ ਕੁਮਾਰ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਪਬਲਿਕ ਸੈਕਟਰ ਦੇ ਬੈਂਕਾਂ ਦਾ ਨਿਜੀਕਰਨ ਕਰਨ ’ਤੇ ਤੁਲੀ ਹੋਈ ਹੈ ਤੇ ਨਿਜੀਕਰਨ ਦਾ ਪਾਰਲੀਮੈਂਟ ਅੰਦਰ ਬਿੱਲ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਮਾਨਸਾ (ਪੱਤਰ ਪ੍ਰੇਰਕ) ਇੱਥੇ ਵਾਟਰ ਵਰਕਸ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਦੇ ਬਾਹਰ ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਬੈਨਰ ਹੇਠ 9 ਮੁਲਾਜ਼ਮ ਜਥੇਬੰਦੀਆਂ ਦੇ ਵੱਖ-ਵੱਖ ਬੈਂਕਾਂ ਦੇ ਲਗਭਗ 150 ਦੇ ਕਰੀਬ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਤੇ ਤਿੱਖੀ ਸੁਰ ਵਿੱਚ ਤਕਰੀਰਾਂ ਕੀਤੀਆਂ। ਅੱਜ ਦੇਸ਼ ਭਰ ਦੇ ਲਗਪਗ 10 ਲੱਖ ਮੁਲਾਜ਼ਮ ਅਤੇ ਅਧਿਕਾਰੀ ਸਰਕਾਰ ਦੁਆਰਾ ਸੰੰਸਦ ਵਿੱਚ ਕੁੱਝ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦਾ ਬਿੱਲ ਪੇਸ਼ ਕਰਨ ਦੇ ਖਿਲਾਫ਼ ਹੜਤਾਲ ’ਤੇ ਹਨ। ਕਾਮਰੇਡ ਨਿਰਪਾਲ ਸਿੰਘ ਨੇ ਦੱਸਿਆ ਕਿ ਤਾਨਾਸ਼ਾਹ ਮੋਦੀ ਹਕੂਮਤ ਹਰ ਪਬਲਿਕ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ) ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਜਿੱਥੇ ਕੰਮਕਾਰ ਠੱਪ ਰਿਹਾ, ਉੱਥੇ ਪੱਖੋ ਕੈਂਚੀਆਂ ਵਿਖੇ ਬੈਂਕਾਂ ਦੀਆਂ ਸੇਵਾਵਾਂ ਬੰਦ ਰਹਿਣ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੈਂਕਾਂ ਬੰਦ ਰਹਿਣ ਨਾਲ ਜਿੱਥੇ ਅਨਾਜ ਮੰਡੀ ’ਚ ਲੈਣ ਦੇਣ ਪ੍ਰਭਾਵਿਤ ਹੋਇਆ, ਉੱਥੇ ਹੀ ਵੱਖ ਵੱਖ ਵਪਾਰੀਆਂ ਤੇ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਬੈਂਕਾਂ ਦੇ ਨਿੱਜੀਕਰਨ ਵਿਰੁੱਧ ਸਰਕਾਰੀ ਬੈਂਕ ਮੁਲਾਜ਼ਮਾਂ ਨੇ ਦੋ ਰੋਜ਼ਾ ਹੜਤਾਲ ਕਰਕੇ ਬਰਨਾਲਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਹੜਤਾਲੀ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ) ਯੂਨਾਈਟਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਸਥਾਨਕ ਬੈਂਕਾਂ ਵਿੱਚ ਹੜਤਾਲ ਰਹੀ। ਇਥੇ ਐਸਬੀਆਈ ਵਿੱਚ ਹੜਤਾਲ ਰਹਿਣ ਕਾਰਨ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।