ਮਨੋਜ ਸ਼ਰਮਾ
ਬਠਿੰਡਾ, 10 ਫਰਵਰੀ
ਅੱਜ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਨੇ ਆਪਣੀਆਂ ਭਖਦੀਆਂ ਮੰਗਾਂ ਦੇ ਹੱਕ ਵਿੱਚ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੁਮਾਰ ਬਾਂਸਲ ਦੀ ਅਗਵਾਈ ਹੇਠ ਅੰਬੇਡਕਰ ਪਾਰਕ ਤੋਂ ਫਾਇਰ ਬ੍ਰਿਗੇਡ ਚੌਕ ਤਕ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੰਦੇ ਪਰਚੇ ਵੰਡੇ।
ਇਸ ਮੌਕੇ ਮੁਲਾਜ਼ਮ ਆਗੂ ਦੀਪਕ ਬਾਂਸਲ ਅਤੇ ਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੋਟਾਂ ਦੌਰਾਨ ਹੀ ਜਾਗਦੀਆਂ ਹਨ ਅਤੇ ਪੰਜਾਬ ਕਾਂਗਰਸ ਨੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਸਰਕਾਰੀ ਚਾਲਾਂ ਤੋਂ ਜਾਣੂ ਕਰਵਾਉਣ ਲਈ ਪਰਚੇ ਵੰਡ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ ਸਿਰਫ਼ ਨਗਰ ਨਿਗਮ ਚੋਣਾਂ ਵਿੱਚ ਹੀ ਨਹੀਂ ਸਗੋਂ 2022 ਦੀਆਂ ਚੋਣਾਂ ਵਿੱਚ ਵੀ ਘਰ ਘਰ ਪਹੁੰਚ ਕੀਤੀ ਜਾਵੇਗੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।
ਪਾਵਰਕੌਮ ਮੁਲਾਜ਼ਮਾਂ ਨੇ ਪਟਿਆਲਾ ਧਰਨੇ ਲਈ ਤਿਆਰੀਆਂ ਆਰੰਭੀਆਂ
ਬਠਿੰਡਾ: ਪਾਵਰਕੌਮ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਬਠਿੰਡਾ/ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਮੀਟਿੰਗ ਅੱਜ ਪੈਨਸ਼ਨਰਜ਼ ਭਵਨ ਬਠਿੰਡਾ ਵਿੱਚ ਥਰਮਲ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਕਮੇਟੀ ਦੇ ਨੁਮਾਇੰਦੇ ਵਜੋਂ ਪਰਮਜੀਤ ਸਿੰਘ ਭਿਖੀ ਸ਼ਾਮਲ ਹੋਏ। ਇਸ ਦੌਰਾਨ ਪਟਿਆਲਾ ਮੁੱਖ ਦਫ਼ਤਰ ਸਾਹਮਣੇ 23 ਫਰਵਰੀ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਧਰਨੇ ਅਤੇ ਮੋਤੀ ਮਹਿਲ ਵੱਲ ਕੀਤੇ ਜਾਣ ਵਾਲੇ ਮਾਰਚ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇੰਜਨੀਅਰ ਮਨਜੀਤ ਸਿੰਘ ਧੰਜਲ ਅਤੇ ਸੁਖਜਿੰਦਰ ਸਿੰਘ ਕਿਲੀ ਨੇ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਧਰਨੇ ਵਿੱਚ ਸ਼ਾਮਲ ਹੋਣ ਹੁਣ ਤੋਂ ਨਾਮ ਲਿਖਵਾਉਣੇ ਸ਼ੁਰੂ ਕਰ ਦੇਣ। ਇਸ ਮੌਕੇ ਸੀਨੀਅਰ ਮੈਂਬਰ ਜਵਾਹਰ ਲਾਲ ਸ਼ਰਮਾ, ਹਰਨੇਕ ਚੰਦ ਅਤੇ ਬਲਵੰਤ ਸਿੰਘ ਨੂੰ ਸਨਮਾਨਤ ਕੀਤਾ ਗਿਆ।