ਸ਼ਗਨ ਕਟਾਰੀਆ
ਬਠਿੰਡਾ, 18 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਇੱਥੇ ਮਿਨੀ ਸਕੱਤਰੇਤ ਅੱਗੇ ਧਰਨਾ ਦੇਣ ਮਗਰੋਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ਕਾਰਨ ਡੱਬਵਾਲੀ, ਤਲਵੰਡੀ ਸਾਬੋ ਅਤੇ ਮਾਨਸਾ ਵੱਲ ਦੀ ਆਵਾਜਾਈ ਪ੍ਰਭਾਵਿਤ ਹੋਈ।
ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਹਕੂਮਤ ਦੀ ਕਿਸਾਨਾਂ ਨਾਲ ਗੱਲਬਾਤ ਨੂੰ ‘ਝਕਾਨੀ ਮਾਰ ਅਮਲ’ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਚਲੰਤ ਮਸਲੇ ’ਤੇ ਤਿੰਨ ਕਿਸਾਨ ਕੇਂਦਰ ਭਾਕਿਯੂ (ਉਗਰਾਹਾਂ), 30 ਕਿਸਾਨ ਜਥੇਬੰਦੀਆਂ ਦਾ ਮੰਚ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਕੰਮ ਕਰ ਰਹੇ ਹਨ। ਉਨ੍ਹਾਂ ਤੌਖ਼ਲਾ ਜ਼ਾਹਿਰ ਕੀਤਾ ਕਿ ਮੋਦੀ ਸਰਕਾਰ ਕਿਸਾਨ ਕੇਂਦਰਾਂ ਦੇ ‘ਊਣੇ’ ਤਾਲਮੇਲ ਦਾ ਲਾਹਾ ਲੈਣ ਦੀ ਤਾਕ ’ਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜੇ ਕਾਲੇ ਕਾਨੂੰਨਾਂ ਨੂੰ ਕਾਇਮ ਰੱਖਿਆ ਹੋਇਆ ਹੈ ਅਤੇ ਅਗਾਂਹ ਦੋਇਮ ਦਰਜੇ ਦੀਆਂ ਮੰਗਾਂ ਬਾਰੇ ‘ਲਾਰੇ-ਲੱਪਿਆਂ’ ਨਾਲ ਇਤਿਹਾਸਕ ਘੋਲ਼ ਨੂੰ ਠਿੱਬੀ ਲਾਉਣ ਲਈ ਦਾਅ ਫ਼ਬਾ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਗਲੀ ਗੱਲਬਾਤ ਲਈ ਤਜਵੀਜ਼ਤ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਇਲਾਵਾ ਕਿਸਾਨ ਨੁਮਾਇੰਦਿਆਂ ਦੀ ਕਮੇਟੀ ਨਿਰਾ ਛਲਾਵਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਭਾਜਪਾ ਵੱਲੋਂ ਪੰਜਾਬ ’ਚ ਆਪਣੀ ਸਰਕਾਰ ਬਣਾਏ ਜਾਣ ਦੇ ਸੁਪਨਿਆਂ ਨੂੰ ਪੰਜਾਬ ਦੇ ਇਕੱਠੇ ਹੋ ਚੁੱਕੇ ਕਿਰਤੀ ਤੇ ਕਿਸਾਨ ਚਕਨਾਚੂਰ ਕਰ ਦੇਣਗੇ। ਕਿਸਾਨ ਆਗੂਆਂ ਨੇ ਪੰਜੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਇਸ ਦੀ ਪਹੁੰਚ ਪਿੰਡਾਂ ਅਤੇ ਸ਼ਹਿਰਾਂ ਦੇ ਲੋੜਵੰਦ ਤੱਕ ਕਰਨ, ਜੇਲ੍ਹਾਂ ਵਿੱਚ ਡੱਕੇ ਬੇ-ਦੋਸ਼ੇ ਲੇਖਕਾਂ, ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ, ਪੱਤਰਕਾਰਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਲਈ ਵੀ ਆਵਾਜ਼ ਬੁਲੰਦ ਕੀਤੀ।
ਫ਼ਰੀਦਕੋਟ (ਜਸਵੰਤ ਜੱਸ): ਕੇਂਦਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸਮੇਂ ਅਪਣਾਏ ਅੜੀਅਲ ਵਤੀਰੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਦੇ ਕਾਰਜਕਾਰੀ ਜਨਰਲ ਸਕੱਤਰ ਨੱਥਾ ਸਿੰਘ ਰੋੜੀ ਕਪੂਰਾ ਨੇ ਸੱਦਾ ਦਿੱਤਾ ਕਿ 21, 22 ਤੇ 23 ਨਵੰਬਰ ਨੂੰ ‘ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾ ਦਿਓ’ ਮੁਹਿੰਮ ਤਹਿਤ ਔਰਤਾਂ ਦੇ ਮੁਜ਼ਾਹਰੇ ਅਤੇ ਨੌਜਵਾਨਾਂ ਦੇ ਮਸ਼ਾਲ ਮਾਰਚ ਕੀਤੇ ਜਾਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਮੋਹਨ ਸਿੰਘ ਵਾੜਾ ਭਾਈਕਾ ਅਤੇ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਜਾਣ ਲਈ ਖਨੌਰੀ ਤੇ ਡੱਬਵਾਲੀ ਦੇ ਰਸਤੇ ਰਾਹੀਂ ਜਥੇਬੰਦੀ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਵਹੀਰਾਂ ਘੱਤੀਆਂ ਜਾਣਗੀਆਂ।
ਮਾਨਸਾ (ਜੋਗਿੰਦਰ ਸਿੰਘ ਮਾਨ): ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸਮੇਂ ਧਾਰਨ ਕੀਤੇ ਅੜੀਅਲ ਵਤੀਰੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਮਾਨਸਾ ਸਮੇਤ 14 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ‘ਤੇ ਵਿਸ਼ਾਲ ਰੋਸ ਮਾਰਚ ਕੀਤੇ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਔਰਤਾਂ ਅਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਹਮਾਇਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਹਾ ਕਿ 26 ਅਤੇ 27 ਨਵੰਬਰ ਦੇ ਦਿੱਲੀ ਧਰਨੇ ਦੀ ਤਿਆਰੀ ਵਿੱਚ 21, 22 ਅਤੇ 23 ਨਵੰਬਰ ਨੂੰ ਦਿਨ ਵੇਲੇ ਔਰਤਾਂ ਵੱਲੋਂ ਮੁਜ਼ਾਹਰੇ ਤੇ ਰਾਤਾਂ ਨੂੰ ਨੌਜਵਾਨਾਂ ਵੱਲੋਂ ਵਿਸ਼ਾਲ ਮਾਰਚ ਕੀਤੇ ਜਾਣਗੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ 26-27 ਨਵੰਬਰ ਦੀ ਦਿੱਲੀ ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ‘ਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ਹਰਬੰਸ ਸਿੰਘ ਕੋਟਲੀ, ਭੁਪਿੰਦਰ ਸਿੰਘ ਚੰਨੂ, ਮਲਕੀਤ ਸਿੰਘ ਗੱਗੜ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਡੀਟੀਐੱਫ ਦੇ ਆਗੂ ਰਾਮ ਸਵਰਨ ਲੱਖੇਵਾਲੀ ਹਾਜ਼ਰ ਸਨ।
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਜ਼ਿਲ੍ਹਾ ਪੱਧਰੀ ਰੋਸ ਮਾਰਚ ਕੀਤਾ ਗਿਆ। ਅਨਾਜ ਮੰਡੀ ਤੋਂ ਸ਼ੁਰੂ ਹੋਏ ਇਸ ਰੋਸ ਮਾਰਚ ਦੌਰਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਨੇ ਸੰਬੋਧਨ ਕੀਤਾ।
ਮੋਗਾ ’ਚ ਜ਼ਿਲ੍ਹਾ ਸਕੱਤਰੇਤ ਅੱਗੇ ਕਿਸਾਨੀ ਹੱਕਾਂ ਲਈ ਕੀਤੀ ਆਵਾਜ਼ ਬੁਲੰਦ
ਮੋਗਾ (ਮਹਿੰਦਰ ਸਿੰਘ ਰੱਤੀਆਂ): ਖੇਤੀ ਕਾਨੂੰਨ ਰੱਦ ਕਰਵਾਉਣ ਲਈ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤਹਿਤ ਜ਼ਿਲ੍ਹਾ ਸਕੱਤਰੇਤ ਅੱਗੇ ਧਰਨੇ ਵਿੱਚ ਕਿਸਾਨਾਂ ਨੇ ਆਵਾਜ਼ ਬੁਲੰਦ ਕਰਦਿਆਂ ਕਿ ਮੋਦੀ ਸਰਕਾਰ ਕਿਸਾਨੀ ਖ਼ਤਮ ਕਰਨ ਦੇ ਰਾਹ ਤੁਰੀ ਹੈ। ਇਸ ਧਰਨੇ ’ਚ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਸੁਬਾਈ ਜਨਰਲ ਸਕੱਤਰ ਸੁਖਦੇਵ ਕੋਕਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨ ਲੁੱਟਣ ਦੀ ਆਜ਼ਾਦੀ ਦੇ ਦਿੱਤੀ ਹੈ। ਉਨ੍ਹਾਂ ਆਖਿਆ ਕੇਂਦਰ ਨੇ ਤਿੰਨ ਵਾਰ ਮੀਟਿੰਗਾਂ ਦੇਣ ਦਾ ਢਕਵੰਜ ਰਚਿਆ ਪਰ ਇਨ੍ਹਾਂ ਮੀਟਿੰਗਾਂ ਵਿੱਚੋਂ ਸਿੱਟਾ ਕੋਈ ਨਹੀਂ ਨਿਕਲਿਆ। ਕਿਸਾਨ ਆਗੂ ਬਲੌੌਰ ਸਿੰਘ ਘਾਲੀ ਨੇ ਕਿਹਾ ਕਿ ਖੇਤੀ ਕਾਲੇ ਕਾਨੂੰਨ ਦੀ ਆੜ ਵਿੱਚ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਤੇ ਧਨਾਢ ਵਪਾਰੀਆਂ ਨੂੰ ਆਜ਼ਾਦੀ ਦਿੱਤੀ ਹੈ ਕਿ ਉਹ ਹੁਣ ਬਿਨਾਂ ਸਰਕਾਰੀ ਕੰਟਰੋਲ ਦੇ ਦੇਸ਼ ਦੇ ਗਰੀਬ ਕਿਸਾਨ ਨੂੰ ਲੁੱਟ ਸਕਣ। ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਘਰਾਣਿਆਂ ਨੂੰ ਦੇਣ ਦਾ ਰਾਹ ਪੱਧਰਾ ਕਰਕੇ ਕਿਸਾਨੀ ਖ਼ਤਮ ਕਰਨ ਦੇ ਰਾਹ ਤੁਰੀ ਹੋਈ ਹੈ। ਧਰਨੇ ਨੂੰ ਕੁਲਦੀਪ ਕੌਰ ਕੁੱਸਾ, ਸੁਦਾਗਰ ਸਿੰਘ ਖਾਈ, ਜੰਗੀਰ ਸਿੰਘ ਹਿੰਮਤਪੁਰਾ, ਬੂਟਾ ਸਿੰਘ ਭਾਗੀਕੇ ਤੇ ਗੁਰਚਰਨ ਸਿੰਘ ਰਾਮਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।