ਮਨੋਜ ਸ਼ਰਮਾ
ਬਠਿੰਡਾ, 29 ਜਨਵਰੀ
ਸਪੋਰਟਸ ਸਕੂਲ ਘੁੱਦਾ ਨੂੰ ਨਿੱਜੀ ਹੱਥਾਂ ਵਿੱਚ ਦੇਣ ਖ਼ਿਲਾਫ਼ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਅੱਜ ਸਕੂਲ ਦੇ ਗੇਟ ਅੱਗੇ ਧਰਨਾ ਲਾਇਆ ਗਿਆ ਅਤੇ ਵੱਖ-ਵੱਖ ਯੂਨੀਅਨਾਂ ਵੱਲੋਂ ਰੋਸ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦੱਸਿਆ ਕਿ ਇਹ ਸਕੂਲ 2011 ਵਿੱਚ ਵਿਸ਼ੇਸ਼ ਮਕਸਦ ਲਈ ਖੋਲ੍ਹਿਆ ਗਿਆ ਸੀ ਅਤੇ ਵਿਸ਼ੇਸ਼ ਸਹੂਲਤਾਂ ਨਾਲ ਲੈਸ ਹੈ। ਇੱਥੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜ੍ਹਾਈ ਤੋਂ ਬਿਨਾਂ ਖਾਣ ਪੀਣ ਅਤੇ ਰਿਹਾਇਸ਼ ਵੀ ਮੁਫ਼ਤ ਵਿੱਚ ਮੁਹੱਈਆ ਕੀਤੀ ਜਾਂਦੀ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਹ ਸਕੂਲ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਰਿਹਾ ਹੈ।
2017 ਤੋਂ ਬਾਅਦ ਸਕੂਲ ਨੂੰ ਕੋਈ ਸਰਕਾਰੀ ਗਰਾਂਟ ਨਹੀਂ ਮਿਲੀ ਜਿਸ ਕਾਰਨ ਅਧਿਆਪਕਾਂ ਅਤੇ ਕੋਚਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝਾ ਰੱਖਿਆ ਹੋਇਆ ਹੈ। ਵਿਦਿਆਰਥੀਆਂ ਨੂੰ ਮਿਲਦੀਆਂ ਸਹੂਲਤਾਂ ’ਤੇ ਕੱਟ ਲਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਵਿਦਿਆਰਥੀਆਂ ਦੇ ਖਾਣੇ ਦਾ ਮਿਆਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸਪੋਰਟਸ ਸਕੂਲ ਨੂੰ ਲੈ ਕੇ ਸਟਾਫ਼ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਤਾਂ ਅਧਿਕਾਰੀਆਂ ਨੇ ਸਟਾਫ ਅੱਗੇ ਤਿੰਨ ਤਜਵੀਜ਼ਾਂ ਰੱਖੀਆਂ ਜਿਨ੍ਹਾਂ ਤਹਿਤ ਵਿਦਿਆਰਥੀਆਂ ਤੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ ਵਸੂਲਣ ਦੀ ਗੱਲ ਕੀਤੀ ਅਤੇ ਸਕੂਲ ਨੂੰ ਕਿਸੇ ਨਿੱਜੀ ਕੰਪਨੀ ਵੱਲੋਂ ਚਲਾਉਣ ਦਾ ਪ੍ਰਸਤਾਵ ਰੱਖਿਆ। ਬੁਲਾਰਿਆਂ ਕਿਹਾ ਕਿ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੁਲਾਰਿਆਂ ਇਲਾਕੇ ਦੇ ਇਨਸਾਫਪਸੰਦ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਸਕੂਲ ਨੂੰ ਬਚਾਉਣ ਲਈ ਲੋਕਾਂ ਨੂੰ ਵਿਸ਼ਾਲ ਗਿਣਤੀ ਵਿੱਚ ਲਾਮਬੰਦ ਕਰਨ। ਪੰਜ ਫਰਵਰੀ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫਦ ਇਸੇ ਮਸਲੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਜਾਵੇਗਾ। ਧਰਨੇ ਦੀ ਸਮਾਪਤੀ ਤੋਂ ਬਾਅਦ ਪਿੰਡ ਦੇ ਬੱਸ ਅੱਡੇ ਤੱਕ ਮਾਰਚ ਕੀਤਾ ਗਿਆ ਅਤੇ ਸਰਕਾਰੀ ਤਜਵੀਜ਼ਾਂ ਨੂੰ ਅਗਨ ਭੇਟ ਕੀਤਾ ਗਿਆ।
ਧਰਨੇ ਨੂੰ ਸਕੂਲ ਸਟਾਫ ਵੱਲੋਂ ਅਮਨਦੀਪ ਕੌਰ ਅਤੇ ਗਗਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਮਰੀਕ ਸਿੰਘ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ, ਡੀਟੀਐੱਫ ਵੱਲੋਂ ਰੇਸ਼ਮ ਸਿੰਘ ਅਤੇ ਹਰਜੀਤ ਜੀਦਾ, ਠੇਕਾ ਮੁਲਾਜ਼ਮ ਮੋਰਚਾ ਪਾਵਰਕੌਮ ਦੇ ਗੁਰਵਿੰਦਰ ਪੰਨੂ, ਡਾਕਟਰ ਯੂਨੀਅਨ ਵੱਲੋਂ ਗੁਰਦੀਪ ਸਿੰਘ ਘੁੱਦਾ, ਲੋਕ ਮੋਰਚਾ ਦੇ ਪਰਮਜੀਤ ਕੌਰ, ਸਕੂਲ ਦੇ ਸਾਬਕਾ ਚੇਅਰਮੈਨ ਬਚਿੱਤਰ ਸਿੰਘ, ਵਿਦਿਆਰਥੀ ਏਕਤਾ ਕਮੇਟੀ ਦੇ ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਚਾਹ ਦੀ ਸੇਵਾ ਬਾਬਾ ਬਲੀਆ ਵੈਲਫੇਅਰ ਕਲੱਬ ਘੁੱਦਾ ਨੇ ਕੀਤੀ।