ਸ਼ਗਨ ਕਟਾਰੀਆ
ਬਠਿੰਡਾ, 2 ਨਵੰਬਰ
ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਰਾਜਿੰਦਰਾ ਕਾਲਜ ਅੱਗੇ ਰੋਸ ਧਰਨਾ ਦਿੰਦਿਆਂ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਗੈਸਟ ਫ਼ੈਕਲਟੀ ਪ੍ਰੋਫ਼ੈਸਰਾਂ ਨੇ ਕਿਹਾ ਕਿ ਉਹ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਮਾਰੂ ਨੀਤੀਆਂ ਤਹਿਤ ਸਰਕਾਰ ਹੁਣ ਉਨ੍ਹਾਂ ਦੀ ਛਾਂਟੀ ਕਰ ਕੇ ਕਾਲਜਾਂ ’ਚੋਂ ਬਾਹਰ ਦਾ ਰਸਤਾ ਵਿਖਾਉਣ ਦੀਆਂ ਤਿਆਰੀਆਂ ’ਚ ਹੈ। ਉਨ੍ਹਾਂ ਮੰਗ ਕੀਤੀ ਕਿ 906 ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ ਟੈਸਟ ਤੋਂ ਛੋਟ ਦੇ ਕੇ ਬਿਨਾਂ ਕਿਸੇ ਸ਼ਰਤ ਤੋਂ ਪੱਕਾ ਕੀਤਾ ਜਾਵੇ। ਉਨ੍ਹਾਂ ਅਜਿਹਾ ਨਾ ਕਰਨ ਦੀ ਸੂਰਤ ’ਚ ਆਉਂਦੇ ਦਿਨਾਂ ਵਿੱਚ ਸਰਕਾਰ ਖ਼ਿਲਾਫ਼ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਧਰਨੇ ਵਿੱਚ ਪ੍ਰੋਫ਼ੈਸਰ ਸਰਬਜੀਤ ਸਿੰਘ, ਕਮਲਜੀਤ ਸਿੰਘ, ਰੀਟਾ, ਹਰਿੰਦਰ ਕੁਮਾਰ, ਪ੍ਰਕਾਸ਼ ਸਿੰਘ, ਨਿੰਦਿਆ ਸ਼ਰਮਾ, ਮਹਿਕ, ਮਧੂ, ਰੂਬੀ, ਅਨੀਤਾ ਬਾਂਸਲ, ਰਮਨਦੀਪ ਕੌਰ, ਸ਼ਾਲੂ ਅਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।