ਪੱਤਰ ਪ੍ਰੇਰਕ
ਬਠਿੰਡਾ, 10 ਅਕਤੂਬਰ
ਗ਼ੈਰਕਾਨੂੰਨੀ ਖਨਣ ਸਖ਼ਤੀ ਨਾਲ ਰੋਕੇ ਜਾਣ ਅਤੇ ਬੋਲੀ ਰਾਹੀਂ ਕਾਨੂੰਨੀ ਤੌਰ ’ਤੇ ਅਲਾਟ ਹੋਈਆਂ ਖੱਡਾਂ ਚੋਂ ਬੰਦ ਕੀਤੀ ਖੁਦਾਈ, ਨਿਯਮਾਂ ਅਨੁਸਾਰ ਮੁੜ ਸ਼ੁਰੂ ਕਰਵਾਉਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਜਿਲ੍ਹਾ ਕੇਂਦਰ ’ਤੇ ਰੋਸ ਮੁਜ਼ਾਹਰਾ ਕਰਕੇ ਅਧਿਕਾਰੀਆਂ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜਿਆ ਗਿਆ। ਮੁਜ਼ਹਰਾਕਾਰੀਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਰੇਤ ਦੇ ਆਸਮਾਨੀਂ ਜਾ ਚੜ੍ਹੇ ਰੇਟਾਂ ਰਾਹੀਂ ਖਪਤਕਾਰਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਬੰਦ ਕੀਤੀ ਜਾਵੇ ਅਤੇ ਉਸਾਰੀ ਦਾ ਕੰਮ ਠੱਪ ਹੋ ਜਾਣ ਦੇ ਨਤੀਜੇ ਵਜੋਂ ਕੰਮ ਤੋਂ ਵਾਂਝੇ ਹੋਏ ਨਿਰਮਾਣ ਕਾਮਿਆਂ ਅਤੇ ਕਰਸ਼ਰ ਮਜ਼ਦੂਰਾਂ ਨੂੰ ਫੌਰੀ ਰੁਜ਼ਗਾਰ ਦਿੱਤਾ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਤੇ ਜ਼ਿਲ੍ਹਾ ਆਗੂਆਂ ਸੰਪੂਰਨ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ ਆਦਿ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਰੇਤੇ ‘ਤੇ ਲਾਏ ਗਏ ਟੈਕਸ ਅਤੇ ਰੇਤ ਮਾਫੀਆ ਦੀ ਮਨਚਾਹੀ ਵਸੂਲੀ ਦੇ ਨਤੀਜੇ ਵਜੋਂ 1700 ਪ੍ਰਤੀ ਸੈਂਕੜਾ ਵਿਕਣ ਵਾਲੀ ਰੇਤਾ (ਬਰੇਤੀ) ਹੁਣ ਪ੍ਰਚੂਨ ‘ਚ 7000 ਪ੍ਰਤੀ ਸੈਂਕੜਾ ਫੁੱਟ ਤੋਂ ਵਧੇਰੇ ਕੀਮਤ ‘ਤੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਮੇਂ ਵੀ ਖਣਨ ਮਾਫੀਆ ਦੀ ਗੈਰਕਾਨੂੰਨੀ ਮਾਈਨਿੰਗ ਜਾਰੀ ਰਹਿਣ ਨੇ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਫਜੂਲ ਅਤੇ ਭਰਮਾਊ ਬਿਆਨਬਾਜ਼ੀ ਛੱਡ ਕੇ ਬੇਰੁਜ਼ਗਾਰੀ ਨੂੰ ਠੱਲ੍ਹਣ ਤੇ ਵੱਖ-ਵੱਖ ਵਿਭਾਗਾਂ ’ਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਅਤੇ ਖਾਲੀ ਪਈਆਂ ਆਸਾਮੀਆਂ ਭਰੇ।