ਪੱਤਰ ਪ੍ਰੇਰਕ
ਬਠਿੰਡਾ, 21 ਅਕਤੂਬਰ
ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਬਠਿੰਡਾ ਵੱਲੋਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਐਸਐਮਓ ਰਾਮਪੁਰਾ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਸੰਘਰਸ਼ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਸਮਝੌਤਾ ਕੀਤਾ ਗਿਆ ਸੀ ਕਿ ਐਸਐਮਓ ਰਾਮਪੁਰਾ ਦੀਆਂ ਪਾਵਰਾਂ ਵਾਪਸ ਲੈ ਲਈਆਂ ਗਈਆਂ ਹਨ ਅਤੇ ਦੋ ਚਾਰ ਦਿਨਾਂ ਵਿੱਚ ਬਦਲੀ ਕੀਤੀ ਜਾਵੇਗੀ। ਇਸ ਨਾਲ ਜਥੇਬੰਦੀ ਵੱਲੋਂ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਪ੍ਰਸ਼ਾਸਨ ਆਪਣੇ ਇਸ ਫੈਸਲੇ ਤੋਂ ਭੱਜ ਗਿਆ। ਜਥੇਬੰਦੀ ਦਾ ਕਹਿਣਾ ਹੈ ਕਿ ਸਟਾਫ ਨਰਸ ਦੀ ਬਦਲੀ ਇਹੋ ਜਿਹੀ ਜਗ੍ਹਾ ’ਤੇ ਕਰ ਦਿੱਤੀ ਗਈ ਜਿੱਥੇ ਪੋਸਟ ਹੀ ਖਾਲੀ ਨਹੀਂ ਸੀ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮਿਤੀ 26 ਤੋਂ 31 ਅਕਤੂਬਰ ਤੱਕ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਸਰਕਾਰ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੀ ਇਸ ਨਾਜਾਇਜ਼ ਬਦਲੀ ਸਬੰਧੀ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਨਵੰਬਰ ਦੇ ਪਹਿਲੇ ਹਫਤੇ ਇਸ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਅੱਜ ਸਿਵਲ ਸਰਜਨ ਬਠਿੰਡਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੈਰ ਲੋਕਤਾਂਤਰਿਕ ਢੰਗ ਨਾਲ ਕੀਤੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਇਸ ਮੌਕੇ ਗਗਨਦੀਪ ਸਿੰਘ ਪ੍ਰਧਾਨ, ਜਸਵਿੰਦਰ ਸ਼ਰਮਾ, ਸਵਰਨਜੀਤ ਕੌਰ ਨਰਸਿੰਗ ਐਸੋਸੀਏਸ਼ਨ, ਹਰਵਿੰਦਰ ਕੌਰ ਰਾਮਪੁਰਾ, ਪਰਮਜੀਤ ਕੌਰ ਰਾਮਪੁਰਾ, ਭੁਪਿੰਦਰ ਸਿੰਘ, ਸ਼ਿਵਪਾਲ ਸਿੰਘ, ਨਰਵਿੰਦਰ ਸਿੰਘ, ਗੁਰਬਨੀਤ ਕੌਰ, ਸਿਮਰਜੀਤ ਕੌਰ, ਦੀਪਕ ਕੁਮਾਰ, ਗੁਰਜਿੰਦਰ ਸਿੰਘ, ਰਵਿੰਦਰਪਾਲ ਕੌਰ, ਮੁਨੀਸ਼ ਕੁਮਾਰ, ਜਤਿੰਦਰ ਸਿੰਘ, ਅਮਨਦੀਪ ਕੁਮਾਰ, ਦਲਜੀਤ ਸਿੰਘ, ਸੁਖਪਾਲ ਸਿੰਘ ਆਦਿ ਆਗੂ ਹਾਜ਼ਰ ਸਨ।