ਪੱਤਰ ਪ੍ਰੇਰਕ
ਬਠਿੰਡਾ 22 ਸਤੰਬਰ
ਸਾਲ 2019 ਵਿੱਚ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ (ਪ੍ਰਾਇਮਰੀ ਵਿੰਗ) ਦੇ ਅਧਿਆਪਕਾਂ ਦਾ ਤਿੰਨ ਸਾਲਾਂ ਦਾ ਪਰਖ ਕਾਲ ਪੂਰਾ ਹੋ ਗਿਆ ਹੈ। 13 ਸਤੰਬਰ 2022 ਨੂੰ ਇਨ੍ਹਾਂ ਕਰਮਚਾਰੀਆਂ ਦੇ ਵਿੱਤੀ ਲਾਭ ਦੇਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਮਾਨਸਾ ਵੱਲੋਂ ਸਬੰਧਤ ਡੀਡੀਓ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਸੀ। ਇਸ ਮਗਰੋਂ ਪੱਤਰ ਨੂੰ ਦੋ ਦਿਨਾਂ ਬਾਅਦ ਹੀ ਵਾਪਸ ਲੈ ਲਿਆ ਗਿਆ ਅਤੇ 15 ਸਤੰਬਰ ਨੂੰ ਨਵਾਂ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਕਿ ਇਨ੍ਹਾਂ ਕਰਮਚਾਰੀਆਂ ਨੂੰ ਪਹਿਲਾਂ ਕੰਪਿਊਟਰ ਟੈਸਟ ਪਾਸ ਕਰਨਾ ਹੋਵੇਗਾ, ਉਸ ਤੋਂ ਬਾਅਦ ਹੀ ਰੋਕੀਆਂ ਗਈਆਂ ਤਰੱਕੀਆਂ ਅਤੇ ਵਿਸ਼ੇਸ਼ ਤਰੱਕੀ ਦਾ ਲਾਭ ਦਿੱਤਾ ਜਾਵੇਗਾ। ਇਹ ਕਰਮਚਾਰੀ ਪਰਖਕਾਲ ਸਮੇਂ ਅੰਦਰ ਜੋ ਤਨਖਾਹ ਲੈ ਰਹੇ ਸਨ, ਇਹੋ ਹੀ ਜਾਰੀ ਰਹੇਗੀ। ਇਸ ਪੱਤਰ ਤੋਂ ਬਾਅਦ ਸਬੰਧਤ ਕਰਮਚਾਰੀਆਂ ਵਿੱਚ ਸਰਕਾਰ ਖ਼ਿਲਾਫ਼ ਰੋਹ ਦੀ ਲਹਿਰ ਹੈ।
ਈਟੀਟੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਭਰਤੀ ਇਸ਼ਤਿਹਾਰ ਦੇ ਵਿੱਚ ਟੈਸਟ ਪਾਸ ਕਰਨ ਸਬੰਧੀ ਕੋਈ ਸ਼ਰਤ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪਰਖ ਕਾਲ ਸਮਾਂ ਪਾਸ ਕਰ ਚੁੱਕੇ ਅਧਿਆਪਕਾਂ ਨੂੰ ਬਣਦੇ ਵਿੱਤੀ ਲਾਭ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਜੇਕਰ ਹੈੱਡ/ਸੈਂਟਰ ਹੈੱਡ ਟੀਚਰ (ਪ੍ਰਾਇਮਰੀ ਵਿੰਗ) ਦੇ ਨਾਲ ਇਹ ਧੱਕਾ ਹੁੰਦਾ ਹੈ ਤਾਂ ਜਨਵਰੀ 2023 ਵਿੱਚ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਹੈੱਡ ਮਾਸਟਰ/ਮਿਸਟ੍ਰੈਸ ਅਤੇ ਪ੍ਰਿੰਸੀਪਲਾਂ ’ਤੇ ਵੀ ਪਰਖ ਕਾਲ ਪੂਰਾ ਹੋਣ ’ਤੇ ਕੰਪਿਊਟਰ ਟੈਸਟ ਪਾਸ ਕਰਨ ਦੀ ਗਾਜ ਡਿੱਗ ਸਕਦੀ ਹੈ।