ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 26 ਸਤੰਬਰ
ਪੰਜਾਬ ਸਰਕਾਰ ਵੱਲੋਂ ਦੇ ਨਿਰਦੇਸ਼ਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 28 ਸਤੰਬਰ ਨੂੰ ਬਠਿੰਡਾ ਸ਼ਹਿਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਆਰੀਆ ਸਮਾਜ ਚੌਕ ਅਤੇ ਸੈਲਫ਼ੀ ਚੌਕ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰ ਵੇਲੇ ਵਿਸ਼ੇਸ਼ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਾਈਕਲ ਰੈਲੀ ਸਥਾਨਕ ਰਾਜਿੰਦਰਾ ਕਾਲਜ ਤੋਂ ਸ਼ੁਰੂ ਹੋ ਕੇ 100 ਫੁਟੀ ਰੋਡ, ਪਾਵਰ ਹਾਊਸ ਰੋਡ, ਫ਼ੌਜੀ ਚੌਕ, ਹਨੂੰਮਾਨ ਚੌਕ ਤੋਂ ਹੁੰਦੀ ਹੋਈ ਰੋਜ਼ ਗਾਰਡਨ ਵਿੱਚ ਪਹੁੰਚ ਕੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸੇ ਸ਼ਾਮ ਸੈਲਫ਼ੀ ਚੌਕ ਤੋਂ ਮੋਮਬੱਤੀ ਮਾਰਚ ਕੱਢਿਆ ਜਾਵੇਗਾ, ਜੋ ਗੋਲ ਡਿੱਗੀ ਰਾਹੀਂ ਹੁੰਦਾ ਹੋਇਆ ਆਰੀਆ ਸਮਾਜ ਚੌਕ ਵਿੱਚ ਸਥਾਪਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਵਿੱਚ ਜਾ ਕੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ’ਚ ਜ਼ਿਲ੍ਹੇ ਨਾਲ ਸਬੰਧਤ ਸਮੁੱਚੇ ਵਿਧਾਇਕ ਸ਼ਮੂਲੀਅਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਆਪੋ-ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਦੀਪਮਾਲਾ ਕਰਨ ਤੋਂ ਇਲਾਵਾ ਰਾਸ਼ਟਰੀ ਤਿਰੰਗਾ ਲਹਿਰਾ ਕੇ ਇਹ ਪਵਿੱਤਰ ਦਿਹਾੜਾ ਮਨਾਉਣ।