ਮਨੋਜ ਸ਼ਰਮਾ
ਬਠਿੰਡਾ, 30 ਅਗਸਤ
ਪਾਵਰਕੌਮ ਵੱਲੋਂ ਲੱਖਾਂ ਰੁਪਏ ਬਿਜਲੀ ਦੇ ਬਿੱਲ ਭੇਜਣ ਤੋਂ ਬਾਅਦ ਲੋਕਾਂ ਨੂੰ ਵਿਚ ਹਾਹਾਕਾਰ ਮਚ ਗਿਆ ਹੈ। ਕੋਵਿਡ 19 ਤੇ ਚੱਲਦਿਆਂ ਆਮ ਲੋਕਾਂ ਦੇ ਕੰਮ ਧੰਦੇ ਨਾਂ ਚੱਲਣ ਕਾਰਨ ਪੇਂਡੂ ਲੋਕਾਂ ਦੀ ਆਰਥਿਕਤਾ ਪਹਿਲਾਂ ਹੀ ਡਾਵਾਂਡੋਲ ਹੈ। ਲੰਮੇ ਸਮੇਂ ਬਾਅਦ ਬਿਜਲੀ ਦੇ ਬਿੱਲ ਭੇਜੇ ਗਏ ਹਨ।
ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਦੀ ਗੁਰਮੀਤ ਕੌਰ ਪਤਨੀ ਗੁਰਤੇਜ ਸਿੰਘ ਦਾ 1 ਲੱਖ 71 ਹਜ਼ਾਰ 507 ਰੁਪਏ ਦਾ ਬਿੱਲ ਆਇਆ ਹੈ। ਗੁਰਮੀਤ ਕੌਰ ਦੇ ਪਤੀ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਸਿੰਗਲ ਬੱਤੀ ਵਾਲਾ ਮੀਟਰ ਲੱਗਿਆ ਹੋਇਆ ਹੈ। ਮੀਟਰ ਲੱਗਣ ਤੋਂ ਬਾਅਦ ਉਹ ਲਗਾਤਾਰ ਬਿੱਲ ਭਰਦੇ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ 8 ਮਹੀਨੇ ਬਿਜਲੀ ਦਾ ਬਿੱਲ ਨਹੀਂ ਭੇਜਿਆ ਗਿਆ। ਖਪਤਕਾਰਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਕਰੋਨਾ ਕਾਰਨ ਸਭ ਕੰਮ ਠੱਪ ਪਏ ਹਨ ਤਾਂ 2 ਲੱਖ ਰੁਪਏ ਦੇ ਕਰੀਬ ਬਿੱਲ ਭੇਜ ਦਿੱਤਾ ਹੈ। ਪੀੜਤ ਖਪਤਕਾਰ ਨੇ ਗਿਲਾ ਕੀਤਾ ਕਿ ਬਿਜਲੀ ਦੇ ਬਿੱਲ ਮੁਤਾਬਿਕ ਹੁਣ ਤੱਕ ਉਸ ਦੀ 7704 ਯੂਨਿਟ ਦੀ ਖਪਤ ਹੋਈ ਹੈ। ਜੇ ਬਿਜਲੀ ਵਿਭਾਗ ਦੇ ਹੈਵੀ ਯੂਨਿਟ ਰੇਟ ਦੀ ਗੱਲ ਕੀਤੀ ਜਾਵੇ ਤਾਂ 7.29 ਪੈਸੇ ਦੇ ਹਿਸਾਬ ਨਾਲ 7704 ਯੂਨਿਟ ਦਾ ਬਿੱਲ 56 ਹਜ਼ਾਰ 162 ਰੁਪਏ ਬਣਦਾ ਹੈ। ਇਸ ਤਰ੍ਹਾਂ ਕੀਤਾ ਸਿੰਘ ਪੁੱਤਰ ਜਗੀਰ ਸਿੰਘ ਦਾ ਬਿੱਲ ਵੀ 75 ਹਜ਼ਾਰ 980 ਰੁਪਏ ਆਇਆ ਹੈ। ਜਸਪਾਲ ਪੁੱਤਰ ਮਦਨ ਲਾਲ ਵਾਸੀ ਮਹਿਮਾ ਸਰਜਾ ਨੇ ਦੋੋਸ਼ ਲਗਾਏ ਸਥਾਨਕ ਪਿੰਡਾਂ ਵਿਚ ਕੰਮ ਕਰਦੇ ਮੀਟਰ ਰੀਡਰ ਵੱਲੋਂ 700 ਯੂਨਿਟ ਖਪਤ ਹੋਣ ’ਤੇ ਵੀ ਦੁੱਗਣੀ ਯੂਨਿਟ ਦਾ ਬਿੱਲ ਪਾ ਦਿੱਤਾ ਜਦੋਂ ਕਿ ਮੀਟਰ ਹਾਲੇ ਵੀ 800 ਯੂਨਿਟ ਪਿੱਛੇ ਚੱਲ ਰਿਹਾ ਹੈ। ਇੱਕ ਹੋਰ ਖਪਤਕਾਰ ਨੇ ਦੋਸ਼ ਲਗਾਏ ਮੀਟਰ ਰੀਡਰਾਂ ਵੱਲੋਂ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਘੱਟ ਪਾ ਦੇਣ ਦੇ ਲਾਲਚ ਦੇ ਪੈਸੇ ਬਟੋਰੇ ਜਾ ਰਹੇ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਬਰਾੜ ਦਾ ਕਹਿਣਾ ਹੈ ਕਿ ਜੇ ਬਿਜਲੀ ਦੇ ਬਿੱਲ ਠੀਕ ਕਰ ਕੇ ਨਾ ਭੇਜੇ ਗਏ ਤਾਂ ਉਹ ਪਾਵਰਕੌਮ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਮੀਟਰਾਂ ਦੇ ਨੰਬਰ ਬਦਲਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ, ਮਹਿਕਮਾ ਖ਼ੁਦ ਹੀ ਬਿੱਲ ਵਾਲੇ ਮਾਮਲੇ ਵਿਚ ਅਸਪਸ਼ਟ ਨਜ਼ਰ ਆ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਆਨਲਾਈਨ ਬਿੱਲ ਵੀ ਭੇਜੇ ਗਏ ਜਦੋਂ ਕਿ ਗ਼ੁਰਬਤ ਭਰੀ ਜ਼ਿੰਦਗੀ ਬਸਰ ਕਰ ਕੇ ਲੋਕਾਂ ਨੂੰ ਆਨਲਾਈਨ ਬਿੱਲਾਂ ਦਾ ਕੋਈ ਇਲਮ ਨਹੀਂ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਦਾ ਕਹਿਣਾ ਹੈ ਕਿ ਬਿੱਲਾਂ ਵਿਚ ਚਾਲੂ ਖ਼ਰਚਿਆਂ ਦੀ ਭਰਮਾਰ ਹੈ ਬਿੱਲਾਂ ਵਿਚ ਬੇਲੋੜੇ ਖ਼ਰਚੇ ਪਾਏ ਜਾ ਰਹੇ ਹਨ।