ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਅਗਸਤ
ਬਿਜਲੀ ਚੋਰੀ ਫੜ੍ਹਨ ਅਤੇ ਡਿਫ਼ਾਲਟਰ ਖ਼ਪਤਕਾਰਾਂ ਤੋਂ ਬਕਾਇਆ ਰਕਮਾਂ ਦੀ ਵਸੂਲੀ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕਾਂ ਵੱਲੋਂ ਹੇਠਲੇ ਅਧਿਕਾਰੀਆਂ ’ਤੇ ਲਗਾਤਾਰ ਬਣਾਏ ਜਾ ਰਹੇ ਦਬਾਅ ਤੋਂ ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰ ਐਸੋਸੀਏਸ਼ਨ ਖਾਸੀ ਨਾਰਾਜ਼ਗੀ ਦੇ ਆਲਮ ’ਚ ਹੈ। ਐਸੋਸੀਏਸ਼ਨ ਦੇ ਜ਼ੋਨ ਬਠਿੰਡਾ ਦੇ ਜਨਰਲ ਸਕੱਤਰ ਇੰਜ. ਮਿਲਨ ਜੈਨ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਥੇ ਹੋਈ ਮੀਟਿੰਗ ’ਚ ਇੰਜਨੀਅਰਾਂ ਦਾ ਰੋਸ ਸਾਹਮਣੇ ਆਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪ੍ਰਬੰਧਕਾਂ ਵੱਲੋਂ ਸਟਾਫ਼ ਦੀ ਭਾਰੀ ਕਮੀ ਅਤੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਅਧਿਕਾਰੀਆਂ ਨੂੰ ਦਿਨ-ਰਾਤ ਬਿਜਲੀ ਚੋਰੀ ਰੋਕਣ ਲਈ ਕਾਰਵਾਈ ਕਰਨ ਅਤੇ ਡਿਫ਼ਾਲਟਰਾਂ ਤੋਂ ਬਕਾਇਆ ਰਕਮਾਂ ਉਗਰਾਹੁਣ ਲਈ ਟੀਚੇ ਦਿੱਤੇ ਜਾ ਰਹੇ ਹਨ। ਹੇਠਲੇ ਅਧਿਕਾਰੀ ਮਿਥੇ ਟੀਚਿਆਂ ਦੀ ਪੂਰਤੀ ਲਈ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ ਪਰ ਮੈਨੇਜਮੈਂਟ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬਿਜਲੀ ਚੋਰੀ ਰੁਕਵਾਉਣ ਦੇ ਕੰਮ ’ਚ ਲੱਗੇ ਅਧਿਕਾਰੀਆਂ ਨੂੰ ‘ਇਕ-ਤਰਫ਼ਾ ਸਜ਼ਾ’ ਦੇਣ ਲਈ ਪੱਤਰ ’ਤੇ ਪੱਤਰ ਲਿਖ਼ ਰਹੀ ਹੈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਜੇ ਮੈਨੇਜਮੈਂਟ ਨੇ ਆਪਣੇ ‘ਫ਼ਰਮਾਨ’ ਵਾਪਸ ਨਾ ਲਏ ਤਾਂ ਇੰਜਨੀਅਰ ਐਸੋਸੀਏਸ਼ਨ ਸੰਘਰਸ਼ ਦੇ ਮੈਦਾਨ ਦਾ ਸਹਾਰਾ ਲਵੇਗੀ।