ਸ਼ਗਨ ਕਟਾਰੀਆ
ਬਠਿੰਡਾ, 28 ਦਸੰਬਰ
‘ਭਾਜਪਾ ਦੀ ਕੇਂਦਰੀ ਸਰਕਾਰ ਕਿਸਾਨੀ ਮੁੱਦਿਆਂ ’ਤੇ ਰਾਜਨੀਤੀ ਕਰ ਰਹੀ ਹੈ, ਜਿਹੜੀ ਉਨ੍ਹਾਂ ਨੂੰ ਮਹਿੰਗੀ ਪਵੇਗੀ। ਕੇਂਦਰੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਅਤੇ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਸੁਣੇ।’ ਇਹ ਵਿਚਾਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ ਸਮਾਗਮ ਮੌਕੇ ਕਹੇ।
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਪ੍ਰਤੀਕ ਰਹੀ ਹੈ। ਦੇਸ਼ ਦੀ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਲਈ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਅਨੇਕਾਂ ਆਗੂਆਂ ਅਤੇ ਵਰਕਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਨਾਂ ਕਿਹਾ ਕਿ ਜਦੋਂ ਤੱਕ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਸੋਚ ਲਾਗੂ ਨਹੀਂ ਹੁੰਦੀ, ਉਦੋਂ ਤੱਕ ਦੇਸ਼ ਦਾ ਭਲਾ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਸੁਣਦਿਆਂ ਆਈਆਂ ਹਨ ਜਿਸ ਸਦਕਾ ਦੇਸ਼ ਨੇ ਤਰੱਕੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਉਨਾਂ ਅੱਗੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਡਟੇ ਹੋਏ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਨਾਂ ਦੀ ਆਵਾਜ਼ ਸੁਣ ਕੇ ਤਿੰਨੇ ਖੇਤੀ ਬਿੱਲ ਰੱਦ ਕੀਤੇ ਜਾਣ।
ਉਨਾਂ ਕਿਹਾ ਕਿ ਠੰਢ ਕਾਰਨ ਰੋਜ਼ਾਨਾ ਦਿੱਲੀ ਸੰਘਰਸ਼ ਵਿੱਚ ਕਿਸਾਨਾਂ ਦੀ ਸ਼ਹਾਦਤ ਦੀਆਂ ਦੁਖਦਾਈ ਖਬਰਾਂ ਆ ਰਹੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ। ਉਨਾਂ ਪਾਰਟੀ ਦੇ ਸਥਾਪਨਾ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਜਨਮ ਅਮਨ, ਸ਼ਾਂਤੀ ਅਤੇ ਦੇਸ਼ ਦੀ ਤਰੱਕੀ ਲਈ ਹੋਇਆ ਹੈ ਜਿਸ ’ਤੇ ਪਾਰਟੀ ਦੇ ਆਗੂ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ।
ਇਸ ਮੌਕੇ ਵਿੱਤ ਮੰਤਰੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਰੁਣ ਵਧਾਵਨ, ਕੇ.ਕੇ ਅਗਰਵਾਲ, ਜਗਰੂਪ ਸਿੰਘ ਗਿੱਲ, ਮੋਹਨ ਲਾਲ ਝੁੰਬਾ, ਅਸ਼ੋਕ ਪ੍ਰਧਾਨ, ਪਵਨ ਮਾਨੀ, ਟਹਿਲ ਸੰਧੂ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਹਰਮੰਦਰ ਸਿੰਘ ਸਿੱਧੂ, ਸੰਦੀਪ ਗੋਇਲ, ਰਾਮ ਵਿਰਕ, ਰਾਜੂ ਸਰਾਂ ਆਦਿ ਹਾਜ਼ਰ ਸਨ।