ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਾਣੀ ਬਚਾਉਣ ਦੇ ਸੱਦੇ ਤਹਿਤ 21 ਤੋਂ 25 ਜੁਲਾਈ ਤੱਕ ਫੈਕਟਰੀਆਂ ਤੇ ਪਾਣੀ ਦਾ ਠੇਕਾ ਲੈਣ ਵਾਲੇ ਪ੍ਰਾਜੈਕਟਾਂ ਅੱਗੇ ਲੱਗਣ ਵਾਲੇ ਧਰਨਿਆਂ ਦੀ ਤਿਆਰੀ ਵਜੋਂ ਅੱਜ ਬਠਿੰਡਾ ਜ਼ਿਲ੍ਹੇ ਦੇ ਕਸਬਾ ਮਾਈਸਰਖਾਨਾ ’ਚ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸ਼ਾਮਲ ਆਗੂਆਂ ਨੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ’ਚੋਂ ਅੱਪੜੇ ਵੱਡੀ ਗਿਣਤੀ ਪੁਰਸ਼ਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸਮਰਥਕਾਂ ਨੂੰ ਨਾਲ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ’ਚ ਟਰਾਈਡੈਂਟ ਫੈਕਟਰੀ ਅੱਗੇ ਧਰਨਾ ਲਾਉਣ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਾਮਰਾਜੀ ਕੰਪਨੀਆਂ ’ਤੇ ਦੋਸ਼ ਲਾਇਆ ਕਿ ਆਪਣੇ ਮੁਨਾਫ਼ੇ ਖ਼ਾਤਰ ਉਹ ਫੈਕਟਰੀਆਂ ਵਿੱਚ ਮਾਲ ਤਿਆਰ ਕਰਨ ਲਈ ਰੋਜ਼ਾਨਾ ਲੱਖਾਂ ਲਿਟਰ ਪਾਣੀ ਦੀ ਵਰਤੋਂ ਕਰਦੀਆਂ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅਸਲ ਵਿੱਚ ਕਿਸਾਨਾਂ ਕੋਲੋਂ ਜ਼ਮੀਨਾਂ ਖੋਹ ਕੇ ਸਾਮਰਾਜੀ ਕੰਪਨੀਆਂ ਨੂੰ ਦੇਣ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।