ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਅਕਤੂਬਰ
ਡਿਪਟੀ ਕਮਿਸ਼ਨਰ ਬਠਿੰਡਾ ਅਰਵਿੰਦ ਪਾਲ ਸਿੰਘ ਸੰਧੂ ਨੇ ਪਰਾਲੀ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਪਰਾਲੀ ਪ੍ਰਬੰਧਨ ਦੇ ਕਾਰਜ ਜ਼ਮੀਨੀ ਪੱਧਰ ’ਤੇ ਕੀਤੇ ਜਾਣ ਨਾ ਕਿ ਸਿਰਫ਼ ਕਾਗਜ਼ੀ ਪੱਤਰੀ ਬੁੱਤਾ ਸਾਰਿਆ ਜਾਵੇ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਜ਼ਿਲ੍ਹੇ ਅੰਦਰ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਈ ਨਰਮੇ ਦੀ ਫ਼ਸਲ ਦੀ ਗਿਰਦਾਵਰੀ ਹਰ ਹਾਲਤ ਵਿੱਚ 10 ਅਕਤੂਬਰ ਤੱਕ ਮੁਕੰਮਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਜਿਸ ਵੀ ਵਿਭਾਗ ਨੂੰ, ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿ੍ਹਆ ਜਾਵੇ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐੱਸਪੀ ਸੁਰਿੰਦਰਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ, ਜ਼ਿਲ੍ਹਾ ਮਾਲ ਅਫ਼ਸਰ ਸਰੋਜ ਰਾਣੀ ਤੇ ਹੋਰ ਅਧਿਕਾਰੀ ਹਾਜ਼ਰ ਸਨ।