ਮਨੋਜ ਸ਼ਰਮਾ
ਬਠਿੰਡਾ, 26 ਦਸੰਬਰ
ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਅਦਾਰਾ 23 ਮਾਰਚ ਵੱਲੋਂ ਸਿਰਮੌਰ ਮਾਰਕਸਵਾਦੀ ਚਿੰਤਕ ਰੇਅਮੰਡ ਵਿਲੀਅਮਜ਼ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ‘ਪੰਜਾਬ ਵਿਚ ਆਧੁਨਿਕਤਾ ਦਾ ਸਵਾਲ: ਲੋਕ ਸੁਰਤ ਬਨਾਮ ਸੰਸਥਾਈ ਪਿੜ’ ਵਿਸ਼ੇ ’ਤੇ ਕਰਵਾਈ ਗਈ ਵਿਚਾਰ- ਚਰਚਾ ਪ੍ਰੋ. ਪੁਸ਼ਪਿੰਦਰ ਸਿਆਲ ਨੇ ਆਖਿਆ, ‘‘ਸਾਡੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਆਧੁਨਿਕਤਾ ਦੀਆਂ ਜੜ੍ਹਾਂ ਸਥਾਨਕਤਾ ਵਿੱਚੋਂ ਲੱਭਣ ਦੀ ਲੋੜ ਹੈ। ਰੇਅਮੰਡ ਵਿਲੀਅਮਜ਼ ਵੀ ਮੈਨੂੰ ਪੰਜਾਬੀ ਲੱਗਦਾ ਹੈ। ਬਰਤਾਨਵੀ ਪਾਰਲੀਮੈਂਟ ਨੇ ਵੀ ਹਾਈਡ ਪਾਰਕ ਵਰਗੀਆਂ ਹੋਰ ਕਈ ਥਾਵਾਂ ’ਤੇ ਜਨਤਕ ਇਕੱਠ ਨਾ ਕਰਨ ਦਾ ਕਾਨੂੰਨ ਪਾਸ ਕੀਤਾ ਸੀ ਪਰ ਲੋਕਾਂ ਨੇ ਵਿਰੋਧ ਕੀਤਾ ਅਤੇ ਪਾਰਲੀਮੈਂਟ ਨੂੰ ਉਹ ਕਾਨੂੰਨ ਵਾਪਸ ਲੈਣਾ ਪਿਆ। ਅੱਜ ਹਾਈਡ ਪਾਰਕ ਆਜ਼ਾਦੀ ਦਾ ਚਿੰਨ੍ਹ ਹੈ। ਇਹ ਆਧੁਨਿਕਤਾ ਦਾ ਸੰਘਰਸ਼ ਸੀ। ਕਿਸਾਨ ਅੰਦੋਲਨ ਨੇ ਵੀ ਭਾਰਤੀ ਸਮਾਜ ਅੰਦਰ ਵੀ ਇਸੇ ਤਰ੍ਹਾਂ ਦੀ ਉਦਾਹਰਣ ਪੇਸ਼ ਕਰਦਿਆਂ ਲੋਕਾਂ ਨੂੰ ਰਾਹ ਦਿਖਾਇਆ ਹੈ।’’ ਗੁਰੂ ਨਾਨਕ ਦੇਵ ਯੂਨੀਵਸਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਸੁਖਦੇਵ ਸਿੰਘ ਸੋਹਲ ਨੇ ਆਖਿਆ, ‘‘ਆਧੁਨਿਕਤਾ ਦਾ ਜੋ ਮਾਡਲ ਸਾਡੇ ਕੋਲ ਆਇਆ ਹੈ ਉਹ ਯੂਰਪ ਤੋਂ ਆਇਆ ਹੈ। ਸ਼ੇਖ ਫ਼ਰੀਦ ਤੋਂ ਸਾਡੇ ਸਾਹਮਣੇ ਆਧੁਨਿਕਤਾ ਦੀ ਸੋਚ ਆਉਣ ਲੱਗੀ ਹੈ।’’ ਇਸ ਸ਼ੈਸ਼ਨ ਦੀ ਬਹਿਸ ਨੂੰ ਡਾ. ਪਰਮਜੀਤ ਰੋਮਾਣਾ ਅਤੇ ਬਲਦੇਵ ਸ਼ੇਰਗਿੱਲ, ਡਾ ਨੀਤੂ, ਪ੍ਰੋ, ਸੁਭਪ੍ਰੇਮ ਬਰਾੜ ਨੇ ਅੱਗੇ ਤੋਰਿਆ। ਇਸ ਤੋਂ ਪਹਿਲਾਂ ਆਦਾਰਾ 23 ਮਾਰਚ ਵੱਲੋਂ ਕਰਵਾਈ ਇਸ ਵਿਚਾਰ ਚਰਚਾ ਵਿਚ ਸ਼ਾਮਲ ਵਿਦਵਾਨਾਂ ਅਤੇ ਸਰੋਤਿਆਂ ਦਾ ਖੁਸ਼ਵੰਤ ਬਰਗਾੜੀ ਨੇ ਸੁਆਗਤ ਕੀਤਾ। ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਨੇ ਸਮੁੱਚੀ ਵਿਚਾਰ ਚਰਚਾ ਦਾ ਸੰਚਾਲਨ ਕੀਤਾ। ਇਸ ਮੌਕੇ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਸ਼ਬਦ ਚਿੱਤਰਾਂ ਦੀ ਪੁਸਤਕ ‘ਨਾਲ ਫ਼ਕੀਰਾਂ ਯਾਰੀ’ ਨੂੰ ਰਿਲੀਜ਼ ਕੀਤਾ ਗਿਆ।