ਪੱਤਰ ਪ੍ਰੇਰਕ
ਬਠਿੰਡਾ, 27 ਅਕਤੂਬਰ
ਬਠਿੰਡਾ ਤੋਂ ਫ਼ਰੀਦਕੋਟ ਵੱਲ ਜਾਣ ਵਾਲੀ ਗੋਨਿਆਣਾ ਬਾਈਪਾਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਜ਼ਿਕਰਯੋਗ ਹੈ ਕਿ ਕਰੀਬ 3 ਕਿਲੋਮੀਟਰ ਦੇ ਇਸ ਟੋਟੇ ਦੇ ਗੋਨਿਆਣਾ ਬਾਈਪਾਸ ਸੜਕ ਦੀ ਤਰਸਯੋਗ ਹਾਲਤ ਵੱਲ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ‘ਆਪ’ ਸਰਕਾਰ ਅਧੀਨ ਕਿਸੇ ਵਿਧਾਇਕ ਜਾਂ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਗਿਆ, ਜਿਸ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵਾਸੀ ਗੋਨਿਆਣਾ ਨੇ ਕਿਹਾ ਕਿ ਇਹ ਸੜਕ ਅਕਾਲੀ ਭਾਜਪਾ ਸਰਕਾਰ ਵੇਲੇ ਬਣਾਈ ਗਈ ਸੀ ਪਰ ਪਿਛਲੇ ਪੰਜ ਸਾਲਾਂ ਤੋਂ ਇਸ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਸੜਕ ਵੱਡੇ ਟੋਏ ਨਿੱਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸੜਕ ’ਤੇ ਸਕੂਲੀ ਬੱਸ ਵੀ ਪਲਟ ਚੁੱਕੀ ਹੈ, ਅਚਾਨਕ ਡਿੱਗੇ ਮੋਟਰਸਾਈਕਲ ਕਰ ਕੇ ਇੱਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਬੀਐਂਡਆਰ ਦੇ ਐਕਸੀਅਨ ਸਮੇਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਡਿਪਟੀ ਕਮਿਸ਼ਨਰ ਨੂੰ ਵੀ ਅਪੀਲ ਕੀਤੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਖ਼ਸਤਾ ਹਾਲ ਸੜਕ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।